ਬਾਗਬਾਨੀ ਖੋਜ ਦੀਆਂ ਨਵੀਨ ਕਾਢਾਂ ਬਾਰੇ ਭਾਸ਼ਣ
ਖੇਤੀ ਵਿਗਿਆਨਾਂ ਬਾਰੇ ਰਾਸ਼ਟਰੀ ਅਕਾਦਮੀ (ਨਾਸ) ਦੀ ਲੁਧਿਆਣਾ ਇਕਾਈ ਨੇ ਬਾਇਓਤਕਨਾਲੋਜੀ ਅਤੇ ਫਲਾਵਰ ਪਾਵਰ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ। ਅਮਰੀਕਾ ਦੀ ਕੋਲੋਰਾਡੋ ਸਟੇਟੇ ਯੂਨੀਵਰਸਿਟੀ ਦੇ ਪ੍ਰੋਫੈਸਰ ਐਮੀਰਤਸ ਡਾ. ਰਜਿੰਦਰ ਸਿੰਘ ਰਾਣੂ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਸਮਾਰੋਹ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਅਤੇ ਨਾਸ ਦੀ ਲੁਧਿਆਣਾ ਇਕਾਈ ਦੇ ਸੰਯੋਜਕ ਡਾ. ਅਜਮੇਰ ਸਿੰਘ ਢੱਟ ਸਨ।
ਡਾ. ਰਜਿੰਦਰ ਸਿੰਘ ਰਾਣੂ ਨੇ ਫਲਦਾਰ ਬੂਟਿਆਂ ਵਿਚ ਦਬਾਅ ਸਹਿਣ ਦੀ ਸਮਰਥਾ ਵਧਾਉਣ ਦੀ ਜੈਨੇਟਿਕ ਇੰਜਨੀਅਰਿੰਗ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਫੁੱਲਾਂ ਦੀ ਤੁੜਾਈ ਉਪਰੰਤ ਨੁਕਸਾਨ ਨੂੰ ਘੱਟ ਕਰਨ ਲਈ ਪੌਦਿਆਂ ਦੇ ਮਿਆਰ ਵਿਚ ਵਾਧੇ ਬਾਰੇ ਮੁੱਲਵਾਨ ਗੱਲਾਂ ਕੀਤੀਆਂ। ਉਨ੍ਹਾਂ ਨੇ ਪੌਦਿਆਂ ਦੀ ਵੱਖ-ਵੱਖ ਕਿਸਮਾਂ ਵਿਚ ਗੁਣਾਂ ਦੇ ਵਿਕਾਸ ਸੰਬੰਧੀ ਵਿਗਿਆਨਕ ਅਤੇ ਵਿਸ਼ੇ ਨਾਲ ਸੰਬੰਧਿਤ ਕਈ ਧਾਰਨਾਵਾਂ ਦਿੱਤੀਆਂ ਜਿਸ ਨਾਲ ਬਾਗਬਾਨੀ ਦੇ ਖੇਤਰ ਵਿਚ ਸਜਾਵਟੀ ਬੂਟਿਆਂ ਦਾ ਵਾਧਾ ਕਰਕੇ ਵਿਗਿਆਨ ਅਤੇ ਖੇਤੀਬਾੜੀ ਦੋਵਾਂ ਖੇਤਰਾਂ ਲਈ ਲਾਭਕਾਰੀ ਕਾਰਜ ਕੀਤਾ ਜਾ ਸਕਦਾ ਹੈ। ਡਾ. ਰਾਣੂ ਦੇ ਭਾਸ਼ਣ ਤੋਂ ਬਾਅਦ ਇਸ ਖੇਤਰ ਵਿਚ ਕੰਮ ਕਰਨ ਵਾਲੇ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੇ ਇਸ ਭਾਸ਼ਣ ਦੇ ਪ੍ਰਸੰਗ ਵਿਚ ਮਾਹਿਰ ਮਹਿਮਾਨ ਨਾਲ ਨਿੱਠ ਕੇ ਚਰਚਾ ਕੀਤੀ। ਡਾ. ਢੱਟ ਨੇ ਇਕ ਸ਼ਾਨਦਾਰ ਅਤੇ ਵਿਚਾਰ ਉਤੇਜਿਤ ਭਾਸ਼ਣ ਲਈ ਡਾ. ਰਾਣੂ ਦਾ ਧੰਨਵਾਦ ਕੀਤਾ। ਡਾ. ਢੱਟ ਨੇ ਨਾਸ ਵੱਲੋਂ ਅਜਿਹੇ ਹੋਰ ਭਾਸ਼ਣ ਕਰਵਾਏ ਜਾਣ ਦਾ ਤਹੱਈਆ ਕੀਤਾ ਅਤੇ ਪੀ.ਏ.ਯੂ. ਦੇ ਵਿਦਿਆਰਥੀਆਂ ਨੂੰ ਸੰਸਾਰ ਦੇ ਉੱਘੇ ਖੇਤੀ ਅਤੇ ਬਾਗਬਾਨੀ ਵਿਗਿਆਨੀਆਂ ਦੇ ਰੂਬਰੂ ਕਰਾਉਣ ਦੀ ਮੰਸ਼ਾਂ ਜ਼ਾਹਿਰ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਸ ਦੀ ਲੁਧਿਆਣਾ ਇਕਾਈ ਦੇ ਖਜ਼ਾਨਚੀ ਡਾ. ਪ੍ਰਵੀਨ ਛੁਨੇਜਾ ਵੀ ਮੌਜੂਦ ਸਨ। ਇਕਾਈ ਦੇ ਸੰਚਾਲਕ ਡਾ. ਗੌਰਵ ਕੁਮਾਰ ਤੱਗੜ ਨੇ ਸਾਰਿਆਂ ਦਾ ਧੰਨਵਾਦ ਕੀਤਾ।