ਯੂਨਾਈਟਿਡ ਸਿੱਖਜ਼ ਵੱਲੋਂ ਲੈਕਚਰ ਮੁਕਾਬਲਾ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਜੁਲਾਈ
ਯੂਨਾਈਟਿਡ ਸਿੱਖਜ਼ ਵੱਲੋਂ ਸਿੱਖ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਆਪਣੇ ਧਰਮ, ਵਿਰਸੇ ਤੇ ਇਤਿਹਾਸ ਨਾਲ ਜੋੜਨ ਲਈ ਅਤੇ ਉਨ੍ਹਾਂ ਨੂੰ ਸਿੱਖ ਕੌਮ ਦੀਆਂ ਮਹਾਨ ਸਖ਼ਸ਼ੀਅਤਾਂ ਦੇ ਸ਼ਾਨਾਮੱਤੇ ਇਤਿਹਾਸ ਤੇ ਪ੍ਰਾਪਤੀਆਂ ਤੋ ਜਾਣੂ ਕਰਵਾਕੇ ਉਨ੍ਹਾਂ ਤੋਂ ਸੇਧ ਲੈਣ ਹਿੱਤ ਬੱਚਿਆਂ ਦੀ ਲੈਕਚਰ ਪ੍ਰਤੀਯੋਗਿਤਾ "ਉੱਚੀਆਂ ਉਡਾਰੀਆਂ" ਵੱਖ ਵੱਖ ਗੁਰਦੁਆਰਿਆਂ ਵਿੱਚ ਕਰਾਈ ਜਾ ਰਹੀ ਹੈ ਜਿਸਨੂੰ ਕਾਫ਼ੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸ ਪ੍ਰਤੀਯੋਗਤਾ ਦੇ ਪਹਿਲੇ ਰਾਊਂਡ ਦੀ ਚੱਲ ਰਹੀ ਲੜ੍ਹੀ ਤਹਿਤ ਹੁਣ ਤੱਕ 47 ਬੱਚਿਆਂ ਨੇ ਆਪਣੀਆਂ ਪੇਸ਼ਕਾਰੀਆਂ ਸੰਗਤ ਦੇ ਸਨਮੁੱਖ ਰੱਖੀਆਂ ਹਨ ਜਿੰਨ੍ਹਾਂ ਵਿੱਚੋਂ 24 ਯੋਗ ਬੱਚਿਆਂ ਨੇ ਅਗਲੇ ਰਾਊਂਡ ਲਈ ਕੁਆਲੀਫਾਈ ਕਰ ਲਿਆ ਹੈ। ਪੰਜਾਬ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਇਸ ਮਿਸ਼ਨ ਤਹਿਤ ਤੀਜਾ ਸਮਾਗਮ ਗੁਰਦੁਆਰਾ ਭਾਈ ਰਾਮ ਸਿੰਘ ਨਗਰ ਵਿਸ਼ਵਕਰਮਾ ਕਲੋਨੀ ਪ੍ਰਤਾਪ ਨਗਰ ਵਿੱਚ ਬੀਬੀ ਦਵਿੰਦਰ ਕੌਰ ਤੇ ਬੀਬੀ ਗੁਰਜੀਤ ਕੌਰ ਦੀ ਅਗਵਾਈ ਹੇਠ ਕਰਾਇਆ ਗਿਆ ਜਿਸ ਵਿੱਚ ਇਲਾਕੇ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਗੁਣਨਾਤਮਕ ਬੋਲਾਂ ਤੇ ਬੋਧਿਕ ਗਿਆਨ ਰਾਹੀਂ ਵੱਖ ਵੱਖ ਸਿੱਖ ਸਖ਼ਸ਼ੀਅਤਾਂ ਦੇ ਜੀਵਨ ਅਤੇ ਪ੍ਰਾਪਤੀਆਂ ਤੇ ਖੋਜ਼ ਭਰਪੂਰ ਚਾਨਣਾ ਪਾਇਆ।
ਇਸ ਦੌਰਾਨ ਪ੍ਰਤੀਯੋਗਤਾ ਅੰਦਰ ਜੱਜ ਸਾਹਿਬਾਨ ਵੱਜੋਂ ਪੁੱਜੇ ਗਿਆਨੀ ਫਤਿਹ ਸਿੰਘ ਤੇ ਬੀਬੀ ਜਸਬੀਰ ਕੌਰ ਨੇ ਆਪਣੀ ਸੇਵਾ ਬੜੀ ਬਾਖੂਬੀ ਨਾਲ ਨਿਭਾਈ। ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਪਨੇਸਰ, ਕੌਂਸਲਰ ਪਰਮਿੰਦਰ ਸਿੰਘ ਸੋਮਾ ਤੇ ਬਲਵਿੰਦਰ ਸਿੰਘ ਬਿੱਲੂ ਨੇ ਯੂਨਾਈਟਿਡ ਸਿੱਖਜ਼ ਦੇ ਪੰਜਾਬ ਡਾਇਰੈਕਟਰ ਅੰਮ੍ਰਿਤਪਾਲ ਸਿੰਘ, ਹਰਜੀਤ ਸਿੰਘ ਆਨੰਦ, ਭੁਪਿੰਦਰ ਸਿੰਘ ਮਕੱੜ, ਬੀਬੀ ਦਵਿੰਦਰ ਕੌਰ, ਬੀਬੀ ਗੁਰਜੀਤ ਕੌਰ ਅਤੇ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਲੈਕਚਰ ਪ੍ਰਤੀਯੋਗਤਾ ਵਿੱਚ ਜੇਤੂ ਰਹਿਣ ਵਾਲੇ ਸਮੂਹ ਬੱਚਿਆਂ ਨੂੰ ਇਨਾਮ ਭੇਟ ਕਰਕੇ ਸਨਮਾਨਿਤ ਵੀ ਕੀਤਾ।