ਅਖਾੜਾ ਬਾਇਓ ਗੈਸ ਪਲਾਂਟ ਖ਼ਿਲਾਫ਼ ਪਿੰਡ ਵਾਸੀਆਂ ਵੱਲੋਂ ਵੱਡਾ ਇਕੱਠ
ਹਾਈ ਕੋਰਟ ਵਿੱਚ ਤਾਰੀਕ ਮੌਕੇ ਕੀਤੀਆਂ ਵਿਚਾਰਾਂ
ਪਿੰਡ ਅਖਾੜਾ ਵਿੱਚ ਲੱਗਣ ਵਾਲੇ ਬਾਇਓ ਗੈਸ ਪਲਾਂਟ ਖ਼ਿਲਾਫ਼ ਇਕ ਸਾਲ ਤੋਂ ਚੱਲ ਰਹੇ ਸੰਘਰਸ਼ ਦੇ ਬਾਵਜੂਦ ਪਿੰਡ ਵਾਸੀ ਨਾ ਅੱਕੇ ਤੇ ਨਾ ਥੱਕੇ ਹਨ ਅਤੇ ਅੱਜ ਵੀ ਵੱਡਾ ਇਕੱਠ ਕਰਕੇ ਧਰਨੇ ਵਿੱਚ ਗੂੰਜੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਮਸਲਾ ਸੁਲਝਾਉਣ ਲਈ ਇਕ ਸਾਂਝੀ ਕਮੇਟੀ ਬਣਾਈ ਹੈ ਜਦਕਿ ਹਾਈ ਕੋਰਟ ਵਿੱਚ ਮਾਮਲੇ ਦੀ ਅੱਜ ਸੁਣਵਾਈ ਸੀ। ਹਾਈ ਕੋਰਟ ਦੀ ਤਾਰੀਕ ਕਰਕੇ ਹੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਪਿੰਡ ਵਾਸੀ ਭਰਵੀਂ ਗਿਣਤੀ ਵਿੱਚ ਇਕੱਠੇ ਹੋਏ ਤੇ ਫ਼ੈਸਲੇ ਦੀ ਉਡੀਕ ਤੱਕ ਧਰਨੇ ’ਤੇ ਡਟੇ ਰਹੇ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਸਰਕਾਰ ਨਾਲ ਹਰ ਉੱਚ ਪੱਧਰੀ ਮੀਟਿੰਗ ਅਤੇ ਅਦਾਲਤੀ ਤਾਰੀਕ ’ਤੇ ਲੋਕ ਇਓਂ ਹੀ ਜੁੜਦੇ ਹਨ।
ਪਿਛਲੇ ਦਿਨੀਂ ਮੁੱਖ ਮੰਤਰੀ ਵਲੋਂ ਕਮੇਟੀ ਬਣਾਉਣ ਕਰਕੇ ਕਈ ਦਿਨਾਂ ਤੋਂ ਪੱਕੇ ਮੋਰਚੇ ਵਿੱਚ ਸ਼ਾਂਤੀ ਦਾ ਮਾਹੌਲ ਸੀ ਤੇ ਲੋਕ ਵੀ ਟਿਕੇ ਬੈਠੈ ਸਨ ਪਰ ਅੱਜ ਤਾਰੀਕ ਕਰਕੇ ਫੇਰ ਵੱਡਾ ਇਕੱਠ ਹੋਇਆ। ਇਕੱਠ ਨੂੰ ਸੰਬੋਧਨ ਕਰਦਿਆਂ ਗੁਰਤੇਜ ਸਿੰਘ ਸਰਾਂ ਨੇ ਕਿਹਾ ਕਿ ਬਾਇਓ ਗੈਸ ਪਲਾਂਟ ਖ਼ਿਲਾਫ਼ ਉਨ੍ਹਾਂ ਦਾ ਇਹ ਸ਼ੰਘਰਸ਼ ਇਕ ਸਾਲ ਤੋਂ ਟੱਪ ਗਿਆ ਹੈ ਪਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਕੰਨ ’ਤੇ ਜੂੰਅ ਨਹੀ ਸਰਕੀ। ਹੋਰਨਾਂ ਬੁਲਾਰਿਆਂ ਨੇ ਆਖਿਆ ਕਿ ਪੰਜਾਬ ਸਰਕਾਰ ਪਿੰਡ ਅਖਾੜਾ ਦੇ ਲੋਕਾਂ ਦਾ ਸਬਰ ਪਰਖ ਰਹੀ ਹੈ। ਇਹ ਸੰਘਰਸ਼ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਤੈਅ ਕਰੇਗਾ, ਇਸ ਲਈ ਉਹ ਇਕ ਦੋ ਸਾਲ ਤਾਂ ਕੀ ਕਈ ਦਹਾਕੇ ਤਕ ਲੜਾਈ ਲੜਨ ਲਈ ਤਿਆਰ ਹਨ। ਮਾਸਟਰ ਗੁਲਵੰਤ ਸਿੰਘ, ਗਿਆਨੀ ਜਸਵੀਰ ਸਿੰਘ, ਦਰਸ਼ਨ ਸਿੰਘ, ਸੁਖਜੀਤ ਸਿੰਘ ਬਰਿਆਰ ਅਤੇ ਇਸਤਰੀ ਆਗੂ ਸੁਖਦੀਪ ਕੌਰ ਨੇ ਕਿਹਾ ਕਿ ਲੋਕ ਏਕਤਾ ਖ਼ਿਲਾਫ਼ ਹਕੂਮਤ ਦਾ ਹਰ ਹੀਲਾ ਨਾਕਾਮ ਹੋ ਰਿਹਾ ਹੈ। ਜਦੋਂ ਹੋਂਦ ਹਸਤੀ ਮਿਟਾਉਣ ਦੀ ਗੱਲ ਹੋਵੇ ਉਦੋਂ ਘਾਟੇ-ਵਾਧੇ ਨਹੀਂ ਦੇਖੇ ਜਾਂਦੇ। ਇਸ ਮੌਕੇ ਭਰਵੇਂ ਇਕੱਠ ਵਿੱਚ ਬਾਂਹਾਂ ਖੜ੍ਹੀਆਂ ਕਰਕੇ ਮਤਾ ਪਾਸ ਕੀਤਾ ਗਿਆ ਕਿ ਜਦੋਂ ਤਕ ਸ਼ੰਘਰਸ਼ ਜਿੱਤ ਨਹੀ ਲਿਆ ਜਾਂਦਾ ਉਦੋਂ ਤਕ ਸ਼ੰਘਰਸ਼ ਵਿੱਚ ਸ਼ੁਮਾਰ ਲੋਕ ਜਜ਼ਬੇ ਨੂੰ ਠੰਢਾ ਨਹੀਂ ਹੋਣ ਦੇਣਗੇ। ਧਰਨੇ ਵਿੱਚ ਜਰਨੈਲ ਸਿੰਘ, ਬਲਗੀਤ ਕੌਰ ਸਰਪੰਚ, ਜਸਵੀਰ ਸਿੰਘ ਲੋਹਟ, ਡਾ. ਇਕਬਾਲ ਸਿੰਘ, ਪ੍ਰਿਤਪਾਲ ਸਿੰਘ, ਕੁਲਦੀਪ ਸਿੰਘ, ਜਸਵੀਰ ਸਿੰਘ ਸਮਰਾ, ਜਗਜੀਤ ਸਿੰਘ (ਸਾਰੇ ਪੰਚ) ਸੁਖਦੇਵ ਸਿੰਘ ਗਿਆਨੀ, ਗੁਰਸੇਵਕ ਸਿੰਘ ਬਰਿਆਰ ਤੇ ਹੋਰ ਹਾਜ਼ਰ ਸਨ।