ਸੂਬੇ ਭਰ ’ਚ ਹੋਇਆ ਲੈਂਡ ਪੂਲਿੰਗ ਨੀਤੀ ਦਾ ਵਿਰੋਧ: ਲੱਖੋਵਾਲ
ਅੱਜ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰੈੱਸ ਬਿਆਨ ਜ਼ਾਰੀ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜੋ ਪੰਜਾਬ ਸਰਕਾਰ ਪੰਜਾਬ ਦੀਆਂ ਜਮੀਨਾਂ ਕਿਸਾਨਾਂ ਕੋਲੋਂ ਖੋਹਣ ਦੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਹੈ, ਦੇ ਵਿਰੋਧ ’ਚ ਪੂਰੇ ਪੰਜਾਬ ਭਰ ਵਿਚ ਹਜ਼ਾਰਾਂ ਟਰੈਕਟਰ, ਕਾਰਾਂ, ਗੱਡੀਆਂ ’ਤੇ ਕਿਸਾਨਾਂ ਨੇ ਰੋਹ ਭਰਪੂਰ ਮਾਰਚ ਕਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕਿ ਇਹ ਆਰਡੀਨੈਂਸ ਫੌਰੀ ਤੌਰ ’ਤੇ ਵਾਪਸ ਲਿਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰ ਦੇ ਨੁਮਾਇੰਦਿਆਂ ਨੂੰ ਪਿੰਡਾਂ ਅੰਦਰ ਨਹੀਂ ਵੜਨ ਦਿੱਤਾ ਜਾਵੇਗਾ, ਕਿਉਂਕਿ ਇਸ ਪਾਲਿਸੀ ਦੇ ਲਾਗੂ ਹੋਣ ਨਾਲ ਕਿਸਾਨ, ਮਜ਼ਦੂਰ ਤੇ ਪਿੰਡਾਂ ਦੇ ਪਿੰਡ ਉਜਾੜੇ ਦਾ ਸ਼ਿਕਾਰ ਹੋਣਗੇ। ਲੱਖੋਵਾਲ ਨੇ ਕਿਹਾ ਕਿ ਸਰਕਾਰ ਇੱਕ ਅੱਧਾ ਸਾਲ ਜਮੀਨ ਦਾ ਠੇਕਾ ਕਿਸਾਨਾਂ ਨੂੰ ਦੇ ਦੇਵੇਗੀ ਪਰ ਬਾਅਦ ਵਿਚ ਕਿਸਾਨਾਂ ਨੂੰ ਪੈਸੇ ਵੀ ਨਹੀਂ ਮਿਲਣੇ ਕਿਉਂਕਿ ਸਰਕਾਰ ਕੋਲ ਤਾਂ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਲਈ ਵੀ ਪੈਸੇ ਨਹੀਂ ਹਨ ਜੋ ਕਿ ਲੋਨ ਲੈ ਕੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਸਬਰ ਨਾ ਪਰਖੇ ਅਤੇ ਕਿਸਾਨ ਕਿਸੇ ਵੀ ਕੀਮਤ ’ਤੇ ਜਮੀਨਾਂ ਸਰਕਾਰ ਨੂੰ ਨਹੀਂ ਲੈਣ ਦੇਣਗੇ। ਲੱਖੋਵਾਲ ਨੇ ਦੱਸਿਆ ਕਿ ਉਹ ਅੱਜ ਕੂੰਮ ਕਲਾਂ ਤੋਂ ਅਵਤਾਰ ਸਿੰਘ ਮੇਹਲੋਂ ਸਮੇਤ ਹਜ਼ਾਰਾਂ ਕਿਸਾਨਾਂ ਤੇ ਟਰੈਕਟਰਾਂ ਨਾਲ ਮਾਰਚ ਵਿਚ ਸ਼ਾਮਿਲ ਹੋਏ ਜਿੱਥੇ ਉਨ੍ਹਾਂ ਆਪ ਟਰੈਕਟਰ ਚਲਾ ਕੇ 30 ਪਿੰਡਾਂ ਵਿਚ ਮਾਰਚ ਦੀ ਅਗਵਾਈ ਕੀਤੀ। ਅੱਜ ਦੇ ਮਾਰਚ ਵਿਚ ਉਨ੍ਹਾਂ ਨਾਲ ਰਘਵੀਰ ਸਿੰਘ ਬੈਨੀਪਾਲ ਸੂਬਾਈ ਸਕੱਤਰ ਜਮਹੂਰੀ ਕਿਸਾਨ ਸਭਾ, ਲਛਮਣ ਸਿੰਘ ਕੂੰਮਕਲਾਂ, ਡਾ. ਗਗਨਦੀਪ ਸਿੰਘ ਸਰਪੰਚ ਭਾਗਪੁਰ, ਅਮਰਨਾਥ ਕੂੰਮ ਕਲਾਂ ਸੂਬਾ ਸਕੱਤਰ ਸੀਟੂ, ਪਮਨਦੀਪ ਸਿੰਘ ਮੇਹਲੋਂ ਮੀਤ ਪ੍ਰਧਾਨ ਲੁਧਿਆਣਾ, ਈਰਿੰਦਰ ਸਿੰਘ ਜੌਲੀ, ਰਘਵੀਰ ਸਿੰਘ ਕੂੰਮ ਕਲਾਂ, ਸੁਰਿੰਦਰ ਸਿੰਘ ਗਿੱਲ ਬਲਾਕ ਪ੍ਰਧਾਨ, ਜੀਤੀ ਗਿੱਲ ਭੈਣੀ ਨੱਥੂ, ਕਰਮਜੀਤ ਸਿੰਘ ਗਿੱਲ ਭੈਣੀ ਨੱਥੂ, ਦਵਿੰਦਰ ਸਿੰਘ ਗਿੱਲ ਭੈਣੀ ਨੱਥੂ, ਗੁਰਿੰਦਰ ਸਿੰਘ ਲੱਖੋਵਾਲ, ਅਜਮੇਰ ਸਿੰਘ ਲਾਲੀ ਕੁਹਾੜਾ, ਸਰਪੰਚ ਜੁਗਰਾਜ ਸਿੰਘ ਕਡਿਆਣਾ ਆਦਿ ਹਾਜ਼ਰ ਸਨ।