ਲੈਂਡ ਪੂਲਿੰਗ ਨੀਤੀ: ਲੁਧਿਆਣਾ ਜ਼ਿਲ੍ਹੇ ’ਚ ਜ਼ਮੀਨ ਦਾ ਭਾਅ ਡਿੱਗਿਆ
ਸੰਤੋਖ ਗਿੱਲ
ਗੁਰੂਸਰ ਸੁਧਾਰ, 6 ਜੁਲਾਈ
ਸੂਬਾ ਸਰਕਾਰ ਵੱਲੋਂ ਮੁਹਾਲੀ ਤੋਂ ਬਾਅਦ ਪੂਰੇ ਪੰਜਾਬ ਵਿੱਚ ਲੈਂਡ ਪੂਲਿੰਗ ਸਕੀਮ ਲਾਗੂ ਕਰਨ ਦੇ ਨੀਤੀਗਤ ਫ਼ੈਸਲੇ ਤੋਂ ਬਾਅਦ ਲੁਧਿਆਣਾ ਜ਼ਿਲ੍ਹੇ ਵਿੱਚ ਅਤੇ ਖ਼ਾਸਕਰ ਲੁਧਿਆਣਾ ਸ਼ਹਿਰ ਦੇ ਨੇੜਲੇ ਇਲਾਕਿਆਂ ਵਿੱਚ ਜ਼ਮੀਨ ਦੀਆਂ ਕੀਮਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਹਨ। ਖੇਤੀਬਾੜੀ ਦੇ ਖੇਤਰ ਵਿੱਚ 70 ਲੱਖ ਰੁਪਏ ਪ੍ਰਤੀ ਏਕੜ ਪਹੁੰਚੀ ਜ਼ਮੀਨ ਹੁਣ 50 ਲੱਖ ਰੁਪਏ ’ਤੇ ਆ ਟਿਕੀ ਹੈ। ਜੇਕਰ ਕੁਝ ਸਮਾਂ ਹੋਰ ਇਹੀ ਸਥਿਤੀ ਰਹੀ ਤਾਂ ਇਹ ਕੀਮਤ 30 ਤੋਂ 35 ਲੱਖ ਰੁਪਏ ਪ੍ਰਤੀ ਏਕੜ ਤੱਕ ਡਿੱਗਣੀ ਦੀ ਸੰਭਾਵਨਾ ਬਣੀ ਹੋਈ ਹੈ। ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੇ ਨੇੜੇ ਹੀ ਜਿਹੜੀ ਜ਼ਮੀਨ ਵੱਧ ਮੁਨਾਫ਼ੇ ਦੀ ਉਮੀਦ ਵਿੱਚ 1.25 ਕਰੋੜ ਰੁਪਏ ਪ੍ਰਤੀ ਏਕੜ ਵਿੱਚ ਵਿਕੀ ਸੀ, ਹੁਣ ਖ਼ਰੀਦਦਾਰ ਫ਼ਿਕਰਾਂ ਵਿੱਚ ਡੁੱਬੇ ਹਨ।
ਲੁਧਿਆਣਾ ਸ਼ਹਿਰ ਦੇ ਪੱਛਮ ਵੱਲ ਜੈਨਪੁਰ, ਬੱਗਾ ਕਲਾਂ, ਚੰਗਣਾ ਅਤੇ ਈਸੇਵਾਲ ਪਿੰਡਾਂ ਵਿੱਚ ਜਿੱਥੇ ਦੇਸ਼-ਵਿਦੇਸ਼ ਦੀਆਂ ਕਈ ਵੱਡੀਆਂ ਕੰਪਨੀਆਂ ਵੱਲੋਂ ਉਸਾਰੇ ਜਾ ਰਹੇ ਆਲੀਸ਼ਾਨ ਰਿਹਾਇਸ਼ੀ ਅਤੇ ਵਪਾਰਕ ਪ੍ਰੋਜੈਕਟਾਂ ਨੇੜਲੀਆਂ ਜ਼ਮੀਨਾਂ ਦੀ ਪੁੱਛ-ਪ੍ਰਤੀਤ ਘੱਟ ਗਈ ਹੈ। ਲੁਧਿਆਣਾ ਜ਼ਿਲ੍ਹੇ ਦੀ 24,311 ਏਕੜ ਜ਼ਮੀਨ ਬਾਰੇ ਲੈਂਡ ਪੂਲਿੰਗ ਸਕੀਮ ਦੀ ਨੋਟੀਫ਼ਿਕੇਸ਼ਨ ਅਨੁਸਾਰ, ਜ਼ਮੀਨ ਮਾਲਕਾਂ ਨੂੰ ਇੱਕ ਏਕੜ ਜ਼ਮੀਨ ਦੇ ਬਦਲੇ 1000 ਗਜ਼ ਰਿਹਾਇਸ਼ੀ ਅਤੇ 200 ਗਜ਼ ਵਪਾਰਕ ਪਲਾਟ ਦਿੱਤੇ ਜਾਣਗੇ। ਸੂਬਾ ਸਰਕਾਰ ਵੱਲੋਂ ਪਿੰਡ ਬੀਰਮੀ, ਚੰਗਣਾ, ਦਾਖਾ, ਦੇਤਵਾਲ, ਗਹੌਰ, ਭਨੋਹੜ, ਬਸੈਮੀ, ਭੱਟੀਆਂ, ਈਸੇਵਾਲ, ਫਾਗ਼ਲਾ, ਬੱਗਾ ਕਲਾਂ, ਗੜਾ, ਮਲਕਪੁਰ, ਨੂਰਪੁਰ ਬੇਟ ਅਤੇ ਜੈਨਪੁਰ ਦੀਆਂ ਮਹਿੰਗੀਆਂ ਜ਼ਮੀਨਾਂ ਦੇ ਹੱਦਬਸਤ ਅਤੇ ਖ਼ਸਰਾ ਨੰਬਰ ਜਾਰੀ ਕਰ ਕੇ ਖ਼ਰੀਦ-ਵੇਚ 'ਤੇ ਪਾਬੰਦੀ ਲਗਾ ਦਿੱਤੀ ਹੈ। ਉੱਧਰ ਹਲਵਾਰਾ, ਐਤੀਆਣਾ, ਗੁਰੂਸਰ ਸੁਧਾਰ, ਘੁਮਾਣ, ਮੋਹੀ, ਖੰਡੂਰ, ਸਰਾਭਾ, ਬੁਢੇਲ, ਬੋਪਾਰਾਏ ਕਲਾਂ, ਤੁਗਲ, ਜੱਸੋਵਾਲ, ਕੁਲਾਰ, ਰਾਜੋਆਣਾ ਖ਼ੁਰਦ, ਰਾਜੋਆਣਾ ਕਲਾਂ, ਨੂਰਪੁਰਾ, ਤਲਵੰਡੀ ਰਾਏ, ਰੱਤੋਵਾਲ, ਟੂਸੇ ਸਮੇਤ ਨੇੜਲੇ ਪਿੰਡਾਂ ਵਿੱਚ ਪਿਛਲੇ ਕੁਝ ਅਰਸੇ ਦੌਰਾਨ ਖੇਤੀਯੋਗ ਜ਼ਮੀਨਾਂ ਵਿੱਚ ਨਿਵੇਸ਼ ਦਾ ਕਾਰੋਬਾਰ ਕਾਫ਼ੀ ਚਮਕਿਆ ਸੀ, ਪਰ ਹੁਣ ਨਿਵੇਸ਼ਕਾਂ ਦੀ ਹਾਲਤ ਪਤਲੀ ਹੋ ਗਈ ਹੈ ਅਤੇ ਕਈ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਫਸੇ ਪਏ ਹਨ। ਇਲਾਕੇ ਦੇ ਨਾਮਵਰ ਪ੍ਰਾਪਰਟੀ ਕਾਰੋਬਾਰੀ ਟੀਟੂ ਕੁਲਾਰ ਅਤੇ ਕਾਕਾ ਬੁਰਜ ਲਿੱਟਾਂ ਅਨੁਸਾਰ ਸਰਕਾਰ ਦੀ ਨਵੀਂ ਨੀਤੀ ਕਾਰਨ ਖੇਤੀਬਾੜੀ ਅਤੇ ਵਪਾਰਕ ਜ਼ਮੀਨਾਂ ਦੀ ਕੀਮਤ ਡਿੱਗਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਲੁਧਿਆਣਾ ਸ਼ਹਿਰ ਦੇ ਨੇੜਲੇ ਕਿਸਾਨ ਮਹਿੰਗੀ ਜ਼ਮੀਨ ਵੇਚ ਕੇ ਇੱਧਰ ਨਿਵੇਸ਼ ਕਰਨ ਲੱਗੇ ਸਨ, ਜਿਸ ਨੂੰ ਲੈਂਡ ਪੂਲਿੰਗ ਨੀਤੀ ਬਾਅਦ ਬਰੇਕ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ, ਮਜ਼ਦੂਰਾਂ ਅਤੇ ਜਾਇਦਾਦ ਦੇ ਕਾਰੋਬਾਰ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ।