ਲੈਂਡ ਪੂਲਿੰਗ ਨੀਤੀ: ਮੁੱਖ ਮੰਤਰੀ ਤੇ ਵਿਧਾਇਕਾ ਮਾਣੂੰਕੇ ਦਾ ਪੁਤਲਾ ਫੂਕਿਆ
ਚਰਚਿਤ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਕੀਤੇ ਐਲਾਨ ਮੁਤਾਬਕ ਅੱਜ ਇਥੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਸੱਤ ਜੁਲਾਈ ਦੇ ਵਿਸ਼ਾਲ ਧਰਨੇ ਵਿੱਚ ਇਹ ਪੁਤਲੇ ਫੂਕਣ ਦਾ ਐਲਾਨ ਕੀਤਾ ਸੀ। ਇਸ ਦੀ ਤਿਆਰੀ ਵਜੋਂ ਅੱਜ ਸਵੇਰੇ ਚਾਰ ਪਿੰਡਾਂ ਮਲਕ, ਪੋਨਾ, ਅਲੀਗੜ੍ਹ ਤੇ ਅਗਵਾੜ ਗੁੱਜਰਾਂ ਦੇ ਪ੍ਰਭਾਵਿਤ ਕਿਸਾਨ ਪਿੰਡ ਮਲਕ ਦੀ ਧਰਮਸ਼ਾਲਾ ਵਿਖੇ ਇਕੱਤਰ ਹੋਏ। ਉਥੋਂ ਟਰੈਕਟਰ ਟਰਾਲੀ 'ਤੇ ਪੁਤਲੇ ਰੱਖ ਕੇ ਰੋਸ ਮਾਰਚ ਕਰਦੇ ਹੋਏ ਜਗਰਾਉਂ ਕੌਮੀ ਸ਼ਾਹਰਾਹ ਸਥਿਤ ਮਲਕ ਚੌਕ ਵਿਖੇ ਪੁੱਜੇ। ਚੌਕ ਵਿੱਚ ਕੁਝ ਦੇਰ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕਰਨ ਮਗਰੋਂ ਇਹ ਪੁਤਲੇ ਫੂਕੇ ਗਏ।
ਇਸ ਸਮੇਂ ਮੌਜੂਦ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸਰਪੰਚ ਹਰਦੀਪ ਸਿੰਘ ਲਾਲੀ ਅਲੀਗੜ੍ਹ, ਸਾਬਕਾ ਸਰਪੰਚ ਨਿਰਭੈ ਸਿੰਘ ਸਿੱਧੂ ਅਲੀਗੜ੍ਹ, ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ਪਰਵਾਰ ਸਿੰਘ ਢਿੱਲੋਂ, ਸਰਪੰਚ ਜਗਤਾਰ ਸਿੰਘ ਮਲਕ, ਸੁਖਦੇਵ ਸਿੰਘ ਤਤਲਾ, ਬੂਟਾ ਸਿੰਘ ਮਲਕ ਨੇ ਕਿਹਾ ਕਿ ਇਹ ਨੀਤੀ ਕਿਸਾਨਾਂ ਨੂੰ ਘਸਿਆਰੇ ਬਣਾਉਣ ਵਾਲੀ ਹੈ। ਕਿਸਾਨਾਂ ਤਾਂ ਬਾਜ਼ਾਰੂ ਭਾਅ ਦੇ ਕੇ ਜ਼ਮੀਨਾਂ ਐਕੁਆਇਰ ਕਰਨ ਦਾ ਵੀ ਵਿਰੋਧ ਕਰਦੇ ਹਨ, ਜਦਕਿ ਇਹ ਨੀਤੀ ਤਾਂ ਕਿਸਾਨਾਂ ਦੇ ਕੁਝ ਪੱਲੇ ਪਾਉਣ ਵਾਲੀ ਹੀ ਨਹੀਂ। ਇਸ ਤਹਿਤ ਤਾਂ ਜ਼ਮੀਨ ਲੈ ਕੇ ਬਦਲੇ ਵਿੱਚ ਪਲਾਟ ਦੇਣਾ ਹੈ ਜੋ ਕਿਸੇ ਕਿਸਾਨ ਨੇ ਮੰਗਿਆ ਹੀ ਨਹੀਂ। ਕਿਸਾਨ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਅਜਿਹਾ ਇਕ ਸਾਜਿਸ਼ ਤਹਿਤ ਕਿਸਾਨਾਂ ਨੂੰ ਖੇਤੀ ਵਿੱਚੋਂ ਬਾਹਰ ਕਰਨ ਲਈ ਹੋ ਰਿਹਾ ਹੈ। ਹੌਲੀ ਹੌਲੀ ਖੇਤੀ 'ਤੇ ਕਾਰਪੋਰੇਟ ਘਰਾਣੇ ਕਾਬਜ਼ ਹੋਣਾ ਚਾਹੁੰਦੇ ਹਨ। ਜਿਸ ਦਿਨ ਅਜਿਹਾ ਹੋ ਗਿਆ ਪੰਜਾਬੀ ਲੋਕਾਂ ਲਈ ਰੋਟੀ ਵੀ ਆਸਾਨ ਨਹੀਂ ਰਹੇਗੀ।
ਉਨ੍ਹਾਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੀਤੀਆਂ ਗੱਲਾਂ ਯਾਦ ਕਰਵਾਈਆਂ। ਇਹ ਵੀ ਕਿਹਾ ਕਿ ਪਿੰਡਾਂ ਸੱਥਾਂ ਵਿੱਚੋਂ ਲੋਕਾਂ ਦੀ ਮਰਜ਼ੀ ਨਾਲ ਸਰਕਾਰ ਚੱਲਣ ਦੇ ਦਾਅਵੇ ਹੁਣ ਕਿੱਥੇ ਗਏ? ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਤੇ ਇਸ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦਾ ਇਸ ਨੀਤੀ ਖ਼ਿਲਾਫ਼ ਸੰਘਰਸ਼ ਲੜਨ ਦੇ ਕੀਤੇ ਐਲਾਨ ਲਈ ਧੰਨਵਾਦ ਕੀਤਾ ਗਿਆ। ਰੋਸ ਪ੍ਰਦਰਸ਼ਨ ਮਗਰੋਂ ਇਹ ਕਿਸਾਨ ਗਲਾਡਾ ਦਫ਼ਤਰ ਲੁਧਿਆਣਾ ਮੂਹਰੇ ਰੋਸ ਪ੍ਰਦਰਸ਼ਨ ਲਈ ਰਵਾਨਾ ਹੋਏ। ਸਾਬਕਾ ਚੇਅਰਮੈਨ ਮਲਕ ਨੇ ਦੱਸਿਆ ਕਿ ਐਤਵਾਰ ਕਰਕੇ ਦਫ਼ਤਰ ਬੰਦ ਹੋਣ ਦੇ ਬਾਵਜੂਦ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਸਮੇਂ ਅਵਤਾਰ ਸਿੰਘ ਢਿੱਲੋਂ, ਸਵਰਨ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਸੁੱਖੀ, ਸੂਬੇਦਾਰ ਕੁਲਦੀਪ ਸਿੰਘ, ਹਰਜੋਤ ਸਿੰਘ ਉੱਪਲ, ਗੁਰਦੀਪ ਸਿੰਘ ਮਲਕ, ਪੰਚ ਜਸਵੀਰ ਸਿੱਧੂ ਤੇ ਹੋਰ ਮੌਜੂਦ ਸਨ।