ਲੈਂਡ ਪੂਲਿੰਗ: ਸੰਘਰਸ਼ ਤਹਿਤ ਅਗਲੇ ਪ੍ਰੋਗਰਾਮ ਲਈ ਕਿਸਾਨਾਂ ਦੀ ਲਾਮਬੰਦੀ
ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਸੰਘਰਸ਼ ਦਾ ਮੁੱਢ ਬੰਨ੍ਹਣ ਵਾਲੇ ਅਤੇ ਇਸ ਨੀਤੀ ਖ਼ਿਲਾਫ਼ ਪਹਿਲਾ ਸੂਬਾ ਪੱਧਰੀ ਧਰਨਾ ਲਾਉਣ ਵਾਲੇ ਪਿੰਡ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਆਪਣੀ ਇਕਾਈ ਦਾ ਗਠਨ ਕੀਤਾ। ਇਸ ਪਿੰਡ ਦੀ ਸੈਂਕੜੇ ਏਕੜ ਜ਼ਮੀਨ ਲੈਂਡ ਪੂਲਿੰਗ ਨੀਤੀ ਵਿੱਚ ਆਉਣ ਕਰਕੇ ਸਭ ਤੋਂ ਪਹਿਲਾਂ ਇਸ ਪਿੰਡ ਦੇ ਹੀ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਦੀ ਸਹਾਇਤਾ ਨਾਲ ਸੰਘਰਸ਼ ਦਾ ਵਿਗਲ ਵਜਾਇਆ ਸੀ। ਇਲਾਕੇ ਵਿੱਚ ਹੋਰਨਾਂ ਕਿਸਾਨ ਜਥੇਬੰਦੀਆਂ ਦੀ ਪੂਰੀ ਸਰਗਰਮੀ ਹੈ ਅਤੇ ਬਾਕਾਇਦਾ ਜਥੇਬੰਦਕ ਢਾਂਚੇ ਹਨ।
ਬੀਕੇਯੂ (ਉਗਰਾਹਾਂ) ਦੀ ਹੀ ਜਗਰਾਉਂ ਇਲਾਕੇ ਵਿੱਚ ਬਾਕੀ ਜਥੇਬੰਦੀਆਂ ਮੁਕਾਬਲੇ ਘੱਟ ਸਰਗਰਮੀ ਸੀ। ਪਰ ਹੁਣ ਉਗਰਾਹਾਂ ਧੜੇ ਨੇ ਵੀ ਇਥੇ ਆਧਾਰ ਵਧਾਉਣਾ ਤੇ ਸਰਗਰਮੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇਸੇ ਲੜੀ ਵਿੱਚ ਅੱਜ ਪਿੰਡ ਮਲਕ ਵਿੱਚ ਇਕਾਈ ਦਾ ਗਠਨ ਕੀਤਾ ਗਿਆ। ਇਸ ਮੌਕੇ ਪਿੰਡ ਇਕਾਈ ਦੀ ਚੋਣ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਤੀਰਥ ਸਿੰਘ ਤਲਵੰਡੀ ਦੀ ਨਿਗਰਾਨੀ ਹੇਠ ਕੀਤੀ ਗਈ। ਮੀਟਿੰਗ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕਲਾਹੜ ਤੇ ਯੁਵਰਾਜ ਸਿੰਘ ਘੁਡਾਣੀ ਤੋਂ ਇਲਾਵਾ ਰਾਮਸਰਨ ਸਿੰਘ ਰਸੂਲਪੁਰ ਅਤੇ ਪਰਮਜੀਤ ਸਿੰਘ ਸਵੱਦੀ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਸਰਬਸੰਮਤੀ ਨਾਲ ਬੀਕੇਯੂ (ਉਗਰਾਹਾਂ) ਦੀ ਮਲਕ ਇਕਾਈ ਦਾ ਪ੍ਰਧਾਨ ਜਸਪ੍ਰੀਤ ਸਿੰਘ ਮਲਕ, ਮੀਤ ਪ੍ਰਧਾਨ ਰਵਿੰਦਰ ਸਿੰਘ ਅਤੇ ਸੁਖਮਿੰਦਰ ਸਿੰਘ ਮਲਕ, ਸਕੱਤਰ ਅਮਨਪ੍ਰੀਤ ਸਿੰਘ ਮਲਕ, ਸਹਾਇਕ ਸਕੱਤਰ ਉਂਕਾਰ ਸਿੰਘ, ਖਜ਼ਾਨਚੀ ਬਲਵੰਤ ਸਿੰਘ ਤੇ ਬਲਵੀਰ ਸਿੰਘ ਚੁਣੇ ਗਏ। ਇਨ੍ਹਾਂ ਤੋਂ ਇਲਾਵਾ ਬਲਦੇਵ ਸਿੰਘ ਮਲਕ, ਸੁਖਮਿੰਦਰ ਸਿੰਘ, ਮਨਦੀਪ ਸਿੰਘ, ਕੁਲਵਿੰਦਰ ਸਿੰਘ, ਬਲਵੀਰ ਸਿੰਘ, ਸੋਨੀ ਸਿੰਘ, ਪਰਦੀਪ ਸਿੰਘ ਕਮੇਟੀ ਮੈਂਬਰ ਚੁਣੇ ਗਏ। ਮੀਟਿੰਗ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕਲਾੜ ਨੇ ਦੱਸਿਆ ਕਿ ਸਰਕਾਰਾਂ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਕਾਪਰੋਰੇਟਾਂ ਨੂੰ ਸੰਭਾਲਣ ਲਈ ਤਰਲੋਮੱਛੀ ਹਨ। ਪੰਜਾਬ ਸਰਕਾਰ ਨੇ ਵੀ ਸੈਂਕੜੇ ਏਕੜ ਉਪਜਾਊ ਜ਼ਮੀਨ ਐਕੁਆਇਰ ਕਰਨ ਲਈ ਨੋਟੀਫੀਕੇਸ਼ਨ ਜਾਰੀ ਕੀਤਾ ਹੈ ਜਿਸ ਨਾਲ ਕਿਸਾਨ ਮਜ਼ਦੂਰ ਤੇ ਪਿੰਡ ਦਾ ਉਜਾੜਾ ਹੋਣਾ ਤੈਅ ਹੈ। ਉਨ੍ਹਾਂ ਦੱਸਿਆ ਕਿ ਇਸ ਨੀਤੀ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢ ਦਿੱਤਾ ਹੈ। ਐੱਸਕੇਐੱਮ ਨੇ ਬੀਤੇ ਦਿਨੀਂ ਪ੍ਰਭਾਵਿਤ ਪਿੰਡਾਂ ਸਣੇ ਹੋਰਨਾਂ ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢਿਆ ਤੇ ਹੁਣ ਫੇਰ 24 ਅਗਸਤ ਨੂੰ ਵੱਡਾ ਇਕੱਠ ਸੱਦਿਆ ਹੈ। ਜ਼ਮੀਨਾਂ ਦਾ ਉਜਾੜਾ ਕਰਨ ਵਾਲਾ ਨੋਟੀਫਿਕੇਸ਼ਨ ਰੱਦ ਕਰਵਾਉਣ ਤਕ ਲਗਾਤਾਰ ਇਹ ਸ਼ੰਘਰਸ਼ ਜਾਰੀ ਰਹੇਗਾ।