ਮਜ਼ਦੂਰ ਦਿਵਸ: ਵੱਖ ਵੱਖ ਜਥੇਬੰਦੀਆਂ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਸਤਵਿੰਦਰ ਸਿੰਘ ਬਸਰਾ
ਲੁਧਿਆਣਾ, 1 ਮਈ
ਸ਼ਹਿਰ ਵਿੱਚ ਅੱਜ ਵੱਖ ਵੱਖ ਥਾਵਾਂ ’ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਸਮਾਗਮ ਕਰਵਾ ਕੇ ਮਈ ਦਿਵਸ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਏ ਗਏ। ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਮਜ਼ਦੂਰ ਦਿਵਸ ਮੌਕੇ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਆ ਅਤੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮਿੱਡ-ਡੇਲ ਮੀਲ ਵੱਲੋਂ ਜਸਵੀਰ ਕੌਰ, ਅਮਨਦੀਪ ਕੌਰ, ਮੀਨਾ, ਬਲਜੀਤ ਕੌਰ ਸਮੇਤ ਹੋਰ ਵਰਕਰਾਂ ਨੇ ਵੀ ਮਈ ਦਿਵਸ ਮਨਾਇਆ। ਇਸ ਸਬੰਧੀ ਪੀਏਯੂ ਐਂਪਲਾਈਜ਼ ਯੂਨੀਅਨਅਤੇ ਪੀਏਯੂ ਫੋਰਥ ਕਲਾਸ ਵਰਕਰਜ਼ ਯੂਨੀਅਨ ਵੱਲੋਂ ਪੀਏਯੂ ਵਿਖੇ ਮਈ ਦਿਵਸ ਮਨਾਇਆ ਗਿਆ। ਜੁਆਇੰਟ ਕੌਂਸਲ ਆਫ ਟਰੇਡ ਯੂਨੀਅਨ ਲੁਧਿਆਣਾ ਦੇ ਜਨਰਲ ਸਕੱਤਰ ਡੀਪੀ ਮੌੜ ਅਤੇ ਭਾਰਤੀ ਸਟੇਟ ਬੈਂਕ ਦੇ ਕੌਮਾਂਤਰੀ ਚੇਅਰਮੈਨ ਨਰੇਸ਼ ਗੋੜ ਨੇ ਝੰਡਾ ਲਹਿਰਾਉਣ ਦੀ ਰਸਮਾ ਅਦਾ ਕੀਤੀ। ਪੀਏਯੂ ਐਂਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਮਈ ਦਿਵਸ ਦੇ ਇਤਿਹਾਸ ’ਤੇ ਚਾਨਣਾ ਪਾਇਆ। ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਆਉਣ ਵਾਲਾ ਸਮਾਂ ਮੁਲਾਜ਼ਮਾਂ ਲਈ ਬਹੁਤ ਚੁਣੌਤੀ ਭਰਿਆ ਹੈ।
ਲੁਧਿਆਣਾ (ਗੁਰਿੰਦਰ ਸਿੰਘ): ਮਈ ਦਿਵਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਹਰ ਪੱਧਰ ’ਤੇ ਆਵਾਜ਼ ਬੁਲੰਦ ਕਰਨ ਦਾ ਐਲਾਨ ਕੀਤਾ। ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਵੱਲੋਂ ਕਾਮਰੇਡ ਕੇਵਲ ਸਿੰਘ ਬਨਵੈਤ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ’ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪਾਸ ਕੀਤੇ ਮਤੇ ਵਿੱਚ ਛੱਤੀਸਗੜ੍ਹ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਜਲ, ਜੰਗਲ ਅਤੇ ਜ਼ਮੀਨ ਦੇਣ ਦੇ ਨਾਮ ‘ਤੇ ਆਦਿਵਾਸੀਆਂ ਨੂੰ ਨਕਸਲੀ ਦੱਸ ਕੇ ਉਨ੍ਹਾਂ ਦੇ ਕਤਲੇਆਮ ਦਾ ਵਿਰੋਧ ਕੀਤਾ ਗਿਆ। ਕੇਂਦਰੀ ਹਮਲੇ ਼ਦੇ ਵਿਰੋਧ ਵਿੱਚ 20 ਮਈ ਨੂੰ ਦੇਸ਼ ਵਿਆਪੀ ਹੜਤਾਲ ਦੇ ਸੱਦੇ ਤਹਿਤ ਲੁਧਿਆਣਾ ਵਿੱਖੇ ਵੀ ਵੱਡੇ ਪੱਧਰ ਦੀ ਹੜਤਾਲ ਕਰਨ ਦਾ ਫ਼ੈਸਲਾ ਲਿਆ।
ਸੁੰਦਰ ਨਗਰ ਡਵੀਜ਼ਨ ਦੀਆਂ ਵੱਖ ਵੱਖ ਬਿਜਲੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ 220 ਕੇਵੀ ਗੋਂਸਗੜ੍ਹ ਬਿਜਲੀ ਘਰ, 66 ਕੇਵੀ ਮੇਹਰਬਾਨ ਬਿਜਲੀ ਘਰ ਅਤੇ ਮੁੱਖ ਦਫ਼ਤਰ 66 ਕੇਵੀ ਨੂਰਵਾਲਾ ਬਿਜਲੀ ਘਰ ’ਚ ਮਜ਼ਦੂਰ ਦਿਵਸ ਮਨਾਇਆ।
ਰਾਏਕੋਟ (ਸੰਤੋਖ ਗਿੱਲ): ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਨਾਲ ਸਬੰਧਿਤ ਵੱਖ-ਵੱਖ ਜਥੇਬੰਦੀਆਂ ਵੱਲੋਂ ਮਜ਼ਦੂਰ ਦਿਵਸ ਮੌਕੇ ਸ਼ਹਿਰ ਦੇ ਦਰਜਨ ਤੋਂ ਵਧੇਰੇ ਥਾਵਾਂ ’ਤੇ ਲਾਲ ਝੰਡੇ ਲਹਿਰਾਏ ਗਏ। ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ, ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਅਤੇ ਰਾਜ ਜਸਵੰਤ ਤਲਵੰਡੀ ਦੀ ਅਗਵਾਈ ਵਿੱਚ ਸ਼ਹਿਰ ਦੇ ਵੱਖ-ਵੱਖ ਭਾਗਾਂ ਵਿੱਚ ਨਾਅਰੇਬਾਜ਼ੀ ਕੀਤੀ।
ਮਜ਼ਦੂਰ ਆਗੂਆਂ ਨੇ ਕਿਹਾ ਕਿ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ 10 ਕੇਂਦਰੀ ਟਰੇਡ ਯੂਨੀਅਨ ਅਤੇ ਫੈਡਰੇਸ਼ਨਾਂ ਅਤੇ ਸੰਯੁਕਤ ਮੋਰਚੇ ਵੱਲੋਂ 20 ਮਈ ਨੂੰ ਕੌਮੀ ਪੱਧਰ ਦੀ ਹੜਤਾਲ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਪਿੰਡ ਝੋਰੜਾਂ ਦੀ ਦਾਣਾ ਮੰਡੀ ਵਿੱਚ ਕਿਰਤੀ ਕਿਸਾਨ ਯੂਨੀਅਨ ਅਤੇ ਮੰਡੀ ਮਜ਼ਦੂਰਾਂ ਦੇ ਸਮਾਗਮ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਅੱਚਰਵਾਲ ਅਤੇ ਵਿੱਤ ਸਕੱਤਰ ਜਗਰੂਪ ਸਿੰਘ ਗਿੱਲ ਨੇ ਸੰਬੋਧਨ ਕੀਤਾ। ਰਾਏਕੋਟ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਦਫ਼ਤਰ ਸਾਹਮਣੇ ਸੀਪੀਆਈ (ਐੱਮ.ੱਲ) ਲਿਬਰੇਸ਼ਨ, ਸੀਪੀਆਈ ਵੱਲੋਂ ਸਾਂਝੇ ਤੌਰ ’ਤੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸੇ ਦੌਰਾਨ ਬਿਜਲੀ ਬੋਰਡ ਦੇ ਰਾਏਕੋਟ, ਬੱਸੀਆਂ, ਲੱਖਾ, ਸੁਧਾਰ, ਪੱਖੋਵਾਲ, ਲਲਤੋਂ ਕਲਾਂ, ਜੋਧਾਂ ਆਦਿ ਸਬ-ਡਵੀਜ਼ਨਾਂ ਦੇ ਦਫ਼ਤਰਾਂ ਸਾਹਮਣੇ ਟਰੇਡ ਯੂਨੀਅਨਾਂ ਦੇ ਕਾਰਕੁਨਾਂ ਨੇ ਜਥੇਬੰਦੀਆਂ ਦੇ ਝੰਡੇ ਲਹਿਰਾਏ।
ਪਾਇਲ (ਪੱਤਰ ਪ੍ਰੇਰਕ): ਆਵਾਮੀ ਰੰਗ ਮੰਚ (ਪਲਸ ਮੰਚ) ਸਿਹੌੜਾ ਤੇ ਸਮੂਹ ਕਿਰਤੀ ਮਜ਼ਦੂਰਾਂ ਵੱਲੋਂ ਕੌਮਾਂਤਰੀ ਮਜ਼ਦੂਰ ਦਿਹਾੜੇ ’ਤੇ ਪਹਿਲੀ ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਅਵਾਮੀ ਰੰਗ ਮੰਚ ਸਿਹੌੜਾ ਦੇ ਆਗੂ ਸ਼ੈਰੀ ਸਿਹੌੜਾ ਤੇ ਪਾਵੇਲ ਸਿਹੌੜਾ, ਕੁਲਵੰਤ ਸਿੰਘ ਕਾਂਤੀ ਨੇ ਸੰਬੋਧਨ ਕੀਤਾ।
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਨੇੜਲੇ ਪਿੰਡ ਝੜੌਦੀ ਵਿੱਚ ਕੁੱਲ ਹਿੰਦ ਕਿਸਾਨ ਸਭਾ ਨੇ ਮਜ਼ਦੂਰ ਦਿਵਸ ਮਨਾਇਆ। ਪ੍ਰਧਾਨ ਨਿੱਕਾ ਖੇੜਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਬੇਰੁਜ਼ਗਾਰੀ ਤੇ ਮਹਿੰਗਾਈ ਵਧੀ ਹੈ ਜਿਸ ਦਾ ਖੁਮਿਆਜ਼ਾ ਮਜ਼ਦੂਰਾਂ ਨੂੰ ਭੁਗਤਨਾ ਪਿਆ ਹੈ।
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਇੱਥੇ ਵੱਖ-ਵੱਖ ਜਥੇਬੰਦੀਆਂ ਨੇ ਮਜ਼ਦੂਰ ਦਿਵਸ ਮਨਾਇਆ। ਸਥਾਨਕ ਬੱਸ ਅੱਡੇ ’ਤੇ ਟਰੇਡ ਤੇ ਜਮਹੂਰੀ ਜਥੇਬੰਦੀਆਂ ਨੇ ਸਾਂਝੇ ਤੌਰ ‘ਤੇ ਕੌਮਾਂਤਰੀ ਮਜ਼ਦੂਰ ਦਿਵਸ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਕਾਨਫਰੰਸ ਕੀਤੀ। ਬੁਲਾਰਿਆਂ ਨੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਇਕੱਤਰਤਾ ਨੂੰ ਕੰਵਲਜੀਤ ਖੰਨਾ, ਬਲਰਾਜ ਕੋਟਉਮਰਾ, ਸੁਰਜੀਤ ਦੌਧਰ, ਗੁਰਮੇਲ ਰੂਮੀ, ਅਵਤਾਰ ਸਿੰਘ ਬਿੱਲਾ, ਅਵਤਾਰ ਸਿੰਘ ਗਗੜਾ ਨੇ ਸੰਬੋਧਨ ਕੀਤਾ। ਇਸੇ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਨੇ ਜੱਟਪੁਰਾ, ਲੰਮੇ ਅਤੇ ਮਾਣੂੰਕੇ ਵਿਖੇ ਮਜ਼ਦੂਰਾਂ ਦੀ ਇਕੱਤਰਤਾ ਕਰਕੇ ਪਹਿਲੀ ਮਈ ਦਾ ਦਿਹਾੜਾ ਮਨਾਇਆ।
ਸਕੂਲ ’ਚ ਮਜ਼ਦੂਰ ਦਿਵਸ ਮਨਾਇਆ
ਸਮਰਾਲਾ (ਡੀਪੀਐੱਸ ਬੱਤਰਾ): ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਸਮਰਾਲਾ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ। ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਜਿੱਥੇ ਛੇਵੀਂ ਜਮਾਤ ਦੇ ਬੱਚਿਆਂ ਵੱਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਸਬੰਧੀ ਭਾਸ਼ਣ ਤੇ ਕਵਿਤਾਵਾਂ ਗਾਇਨ ਕੀਤੀਆਂ ਗਈਆਂ। ਇਸ ਮੌਕੇ ਕਰਵਾਈਆਂ ਵੱਖ ਵੱਖ ਗਤੀਵਿਧੀਆਂ ’ਚ ਨਰਸਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਮਜ਼ਦੂਰ ਵਰਗ ਦੇ ਸੰਘਰਸ਼ਮਈ ਜੀਵਨ ਦੀ ਝਲਕ ਪੇਸ਼ ਕੀਤੀ। ਜਿਸ ਵਿੱਚ ਵਿਦਿਆਰਥੀਆਂ ਨੇ ਮਾਲੀ, ਰਸੋਈਏ, ਨਰਸ, ਮੋਚੀ ਆਦਿ ਦੇ ਪਹਿਰਾਵੇ ਪਹਿਨ ਕੇ ਮਜ਼ਦੂਰ ਵਰਗ ਦੀ ਭੂਮਿਕਾ ਨਿਭਾਉਂਦਿਆਂ ਕਵਿਤਾਵਾਂ ਪੇਸ਼ ਕੀਤੀਆਂ। ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸਕੂਲ ਵਿੱਚ ਕੰਮ ਕਰਦੇ ਦਰਜਾ ਚਾਰ ਕਰਮਚਾਰੀਆਂ ਨੂੰ ਕਾਰਡ ਭੇਟ ਕੀਤੇ। ਸਕੂਲ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਕਿਹਾ ਕਿ ਕਿਰਤੀ ਦੇਸ਼ ਦੇ ਆਰਥਿਕ ਅਤੇ ਉਦਯੋਗਿਕ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਸਕੂਲ ਮੈਨੇਜਮੇਂਟ ਵੱਲੋਂ ਸਕੂਲ ਵਿੱਚ ਕੰਮ ਕਰਨ ਵਾਲੇ ਦਰਜਾ ਚਾਰ ਕਰਮਚਾਰੀਆਂ ਨੂੰ ਵਰਦੀਆਂ ਵੰਡ ਕੇ ਉਹਨਾਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ ਗਈ। ਸਕੂਲ ਦੀ ਚੇਅਰਪਰਸਨ ਕੁਲਵਿੰਦਰ ਕੌਰ ਬੈਨੀਪਾਲ, ਪ੍ਰਧਾਨ ਅਨਿਲ ਵਰਮਾ, ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ, ਰਮਨਦੀਪ ਸਿੰਘ ਅਤੇ ਸਮੂਹ ਸਟਾਫ ਨੇ ਵੀ ਮਜ਼ਦੂਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਸੌਂਦ ਨੇ ਕਿਰਤੀਆਂ ਨੂੰ ਵਧਾਈ ਦਿੱਤੀ
ਖੰਨਾ (ਜੋਗਿੰਦਰ ਿਸੰਘ ਓਬਰਾਏ): ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਕਿਰਤ ਦਿਵਸ ਸਬੰਧੀ ਗੰਗਾ ਐਕਰੋਵੂਲਜ ਖੰਨਾ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਸਮੁੱਚੇ ਕਿਰਤੀਆਂ ਨੂੰ ਕੌਮਾਂਤਰੀ ਕਿਰਤ ਦਿਵਸ ਦੀ ਵਧਾਈ ਦਿੱਤੀ।ਮੰਤਰੀ ਸੌਂਦ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਰਤੀਆਂ ਦੀ ਰਜਿਸਟ੍ਰੇਸ਼ਨ ਕਰਨ ਲਈ ਵਿਆਪਕ ਪੱਧਰ ’ਤੇ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੋਈ ਹੈ ਤਾਂ ਕਿ ਇਨ੍ਹਾਂ ਨੂੰ ਕੇਂਦਰੀ ਅਤੇ ਸੂਬਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਹਾਸਲ ਹੋ ਸਕੇ। ਰਜਿਸਟ੍ਰੇਸ਼ਨ ਨਾ ਹੋਣ ਕਰਕੇ ਕਿਰਤੀਆਂ ਨੂੰ ਸਕੀਮਾਂ ਦਾ ਲਾਭ ਹੀ ਨਹੀਂ ਮਿਲਦਾ ਪਰ ਹੁਣ ਹਰੇਕ ਸਕੀਮ ਦਾ ਲਾਭ ਕਿਰਤੀ ਵਰਗ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤੇ ਇਸ ਬਾਬਤ ਖਾਸ ਕੈਂਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਨੇਕ ਕਾਰਜ ਨੂੰ ਲਾਗੂ ਕਰਨ ਲਈ ਸੰਜੀਦਗੀ ਨਾਲ ਕੰਮ ਨਹੀਂ ਕੀਤਾ।