ਸੂਬੇ ਨੂੰ ਪੁਲੀਸ ਰਾਜ ਬਣਾਉਣ ਵਿਰੁੱਧ ਮਜ਼ਦੂਰ-ਕਿਸਾਨ ਜਥੇਬੰਦੀਆਂ ਵੱਲੋਂ ਲਾਮਬੰਦੀ
ਮਾਨ ਸਰਕਾਰ ਵੱਲੋਂ ਸੂਬੇ ਨੂੰ ਪੁਲੀਸ ਰਾਜ ਬਣਾਉਣ ਖ਼ਿਲਾਫ਼ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ 25 ਜੁਲਾਈ ਨੂੰ ਸੰਗਰੂਰ ਵਿੱਚ ਕੀਤੀ ਜਾਣ ਵਾਲੀ ਰੈਲੀ ਦੀ ਤਿਆਰੀ ਲਈ ਪਿੰਡ-ਪਿੰਡ ਚੱਲ ਰਹੀਆਂ ਤਿਆਰੀਆਂ ਤਹਿਤ ਅੱਜ ਪੇਂਡੂ ਮਜ਼ਦੂਰ ਯੂਨੀਅਨ ਨੇ ਪਿੰਡ ਚੱਕ ਭਾਈਕਾ, ਟੂਸੇ ਅਤੇ ਕਮਾਲਪੁਰਾ ਵਿੱਚ ਮਜ਼ਦੂਰ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਬਦਲਾਅ ਦਾ ਲਾਰਾ ਲਾ ਕੇ ਸੱਤਾ ਵਿੱਚ ਆਈ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਪੁਲੀਸ ਰਾਜ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖ਼ੁਦ ਧਰਨੇ ਪ੍ਰਦਰਸ਼ਨਾਂ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ ਨੂੰ ਮਜ਼ਦੂਰ-ਕਿਸਾਨ ਜਥੇਬੰਦੀਆਂ ਅਤੇ ਖ਼ਾਸਕਰ ਦਲਿਤ ਮਜ਼ਦੂਰਾਂ ਦੀ ਪ੍ਰਤੀਨਿਧ ਜਥੇਬੰਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਉਪਰ ਅਣ-ਐਲਾਨੀ ਪਾਬੰਦੀ ਲਾ ਕੇ ਜਨਤਕ ਸਰਗਰਮੀਆਂ ਉਪਰ ਰੋਕ ਲਾ ਦਿੱਤੀ ਹੈ।
ਮਜ਼ਦੂਰ ਆਗੂਆਂ ਨੇ ਕਿਹਾ ਕਿ ਜੀਂਦ ਦੇ ਰਾਜੇ ਦੀ ਸੰਗਰੂਰ ਨੇੜੇ ਪਈ ਬੇ-ਮਾਲਕ ਜ਼ਮੀਨ ਦਲਿਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਵੰਡਣ ਦੀ ਮੰਗ ਭਗਵੰਤ ਮਾਨ ਸਰਕਾਰ ਨੂੰ ਰੋੜ ਵਾਂਗ ਚੁੱਭਦੀ ਹੈ ਅਤੇ ਸੈਂਕੜੇ ਆਗੂਆਂ ਵਿਰੁੱਧ ਝੂਠੇ ਕੇਸ ਦਰਜ ਕਰ ਕੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਬਿਨਾ ਸ਼ਰਤ ਰਿਹਾਈ ਦਾ ਵਾਅਦਾ ਕਰ ਕੇ ਸਰਕਾਰ ਵੱਲੋਂ ਪਿੰਡ ਸ਼ਾਦੀਹਰੀ ਦੇ ਮਜ਼ਦੂਰ ਜੇਲ੍ਹ ਵਿੱਚ ਬੰਦ ਹਨ। ਮਜ਼ਦੂਰ ਆਗੂ ਬਿੱਕਰ ਸਿੰਘ ਹੱਥੋਆ ਅਤੇ ਵਿਦਿਆਰਥੀ ਆਗੂ ਕਮਲਦੀਪ ਕੌਰ ਵੀ ਜੇਲ੍ਹ ਵਿੱਚ ਬੰਦ ਹਨ। ਕਰਮ ਸਿੰਘ, ਪਰਮਜੀਤ ਸਿੰਘ, ਗੁਰਚਰਨ ਸਿੰਘ ਅਤੇ ਦਿਲਬਾਗ ਸਿੰਘ ਨੇ ਵੀ ਮੀਟਿੰਗਾਂ ਨੂੰ ਸੰਬੋਧਨ ਕੀਤਾ।