ਕੋਟਾਲਾ ਅਕੈਡਮੀ ਨੇ ਜਿੱਤਿਆ ਅੰਡਰ-14 ਫੁਟਬਾਲ ਮੁਕਾਬਲਾ
ਪੰਜਾਬ ਫੁਟਬਾਲ ਐਸੋਸੀਏਸ਼ਨ ਨੇ ਪਿੰਡ ਅਲੂਣਾ ਤੋਲਾ ’ਚ ਕਰਵਾਈਆਂ ਖੇਡਾਂ
ਪੰਜਾਬ ਫੁਟਬਾਲ ਐਸੋਸੀਏਸ਼ਨ ਵੱਲੋਂ ‘ਖੇਲੋ ਇੰਡੀਆ’ ਲੀਗ ਤਹਿਤ ਇੱਥੋਂ ਨੇੜਲੇ ਪਿੰਡ ਅਲੂਣਾ ਤੋਲ਼ਾ ਵਿੱਚ ਅੰਡਰ-14 ਕੁੜੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਇਹ ਲੀਗ ਪੂਰੀ ਤਰ੍ਹਾਂ ਕੁੜੀਆਂ ਨੂੰ ਸਮਰਪਿਤ ਸੀ। ਇਸ ਅੱਠ ਅਕੈਡਮੀਆਂ ਨੇ ਹਿੱਸਾ ਲਿਆ। ਕੋਚ ਗੁਰਪ੍ਰੀਤ ਸਿੰਘ ਮਲਹਾਂਸ ਮੁਤਾਬਕ ਫੁਟਬਾਲ ਅਕੈਡਮੀ ਕੋਟਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਵੱਖ-ਵੱਖ ਟੀਮਾਂ ਦੀਆਂ ਸਾਰੀਆਂ ਹੀ ਖਿਡਾਰਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਿੰਡ ਅਲੂਣਾ ਤੋਲ਼ਾ ਵਿੱਚ ਕੌਮਾਂਤਰੀ ਫੁਟਬਾਲ ਖਿਡਾਰਨ ਗੁਰਨਾਜ਼ ਕੌਰ, ਹਰਮੀਨ ਕੌਰ, ਗੁਰਲੀਨ ਕੌਰ ਅਤੇ ਬਾਸਕਿਟਬਾਲ ਖਿਡਾਰਨ ਗੁਰਅਸੀਸ ਕੌਰ ਨੂੰ ਉੱਚੇਚੇ ਤੌਰ ’ਤੇ ਸਨਮਾਨਿਆ ਗਿਆ। ਇਸ ਦੌਰਾਨ ਖਿਡਾਰਨਾਂ ਦੇ ਮਾਪਿਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਮੁੱਖ ਮਹਿਮਾਨ ਪਿੰਡ ਦੀ ਸਰਪੰਚ ਰਮਨਦੀਪ ਕੌਰ ਚੀਮਾ ਸਨ।
ਜੇਤੂ ਟੀਮਾਂ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਵਾਲੀਆਂ ਖਿਡਾਰਨਾਂ ਦਾ ਸਨਮਾਨ ਕਰਨ ਲਈ ਆੜ੍ਹਤ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਅਵਿਨਾਸ਼ਪ੍ਰੀਤ ਸਿੰਘ ਜੱਲਾ ਵਿਸ਼ੇਸ਼ ਤੌਰ ਤੌਰ ’ਤੇ ਪੁੱਜੇ। ਇਸ ਦੌਰਾਨ ਫੁਟਬਾਲਰ ਅਮਨਦੀਪ ਸਿੰਘ ਢਿੱਲੋਂ ਵੱਲੋਂ ਵੀ ਫੁਟਬਾਲ ਨਾਲ ਜੌਹਰ ਦਿਖਾਏ ਗਏ। ਖਿਡਾਰਨਾਂ ਨੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਅੰਤ ਵਿੱਚ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਇਸ ਲੀਗ ਵਿੱਚ ਪੀ ਐੱਫ ਏ ਤੋਂ ਰਿਤਿਕ ਬਾਲੀ ਵੀ ਪਹੁੰਚੇ ਸਨ। ਇਨ੍ਹਾਂ ਖੇਡ ਮੁਕਾਬਲਿਆਂ ਦਾ ਮਕਸਦ ਖਿਡਾਰਨਾਂ ਨੂੰ ਖੇਡਾਂ ਪ੍ਰਤੀ ਹੋਰ ਵੀ ਜ਼ਿਆਦਾ ਉਤਸ਼ਾਹਿਤ ਕਰਨਾ ਸੀ।
ਇਸ ਮੌਕੇ ਸੀਨੀਅਰ ਯੂਥ ਆਗੂ ਚਰਨਜੋਤ ਸਿੰਘ ਚੀਮਾ, ਪ੍ਰੋ. ਕੁਲਦੀਪ ਸਿੰਘ, ਮਾਸਟਰ ਅਮਨਦੀਪ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਕੋਚ ਅਤੇ ਹਰਜਿੰਦਰ ਸਿੰਘ ਅਲੂਣਾ ਤੋਲ਼ਾ ਵੀ ਹਾਜ਼ਰ ਸਨ।