ਕਾਮਾਗਾਟਾਮਾਰੂ ਕਮੇਟੀ ਵੱਲੋਂ ‘ਮਾਈ ਭਾਗੋ ਦੀਆਂ ਵਾਰਸਾਂ’ ਦੀ ਹਮਾਇਤ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 3 ਜੂਨ
ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਅਹਿਮ ਮੀਟਿੰਗ ਅੱਜ ਐਡਵੋਕੇਟ ਕੁਲਦੀਪ ਸਿੰਘ ਕਿਲਾ ਰਾਏਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਵੱਖ-ਵੱਖ ਆਗੂਆਂ ਜਸਦੇਵ ਸਿੰਘ ਲਲਤੋਂ , ਉਜਾਗਰ ਸਿੰਘ ਬੱਦੋਵਾਲ, ਗੁਰਦੇਵ ਸਿੰਘ ਮੁੱਲਾਂਪੁਰ, ਮਲਕੀਤ ਸਿੰਘ ਬੱਦੋਵਾਲ, ਜਸਵਿੰਦਰ ਸਿੰਘ, ਜੋਗਿੰਦਰ ਸਿੰਘ ਸ਼ਹਿਜਾਦ ਨੇ ਭਖਦੇ ਮੁੱਦਿਆਂ ਬਾਰੇ ਗੰਭੀਰ ਵਿਚਾਰ ਤੇ ਠੋਸ ਸੁਝਾਅ ਪੇਸ਼ ਕੀਤੇ। ਸਰਬਸੰਮਤੀ ਨਾਲ ਪਾਸ ਕੀਤੇ ਪਹਿਲੇ ਮਤੇ ਰਾਹੀਂ ਪੰਜਾਬ ਦੀ ਕਿਸਾਨਮਾਰੂ ਤੇ ਖੇਤੀਮਾਰੂ ਭਗਵੰਤ ਮਾਨ ਸਰਕਾਰ ਵਲੋਂ ਗਲਾਡਾ ਰਾਹੀਂ ਜ਼ਿਲ੍ਹਾ ਲੁਧਿਆਣਾ ਦੇ 36 ਅਤੇ ਮੋਗਾ ਜ਼ਿਲ੍ਹੇ ਦੇ 7 ਪਿੰਡਾਂ ਦੀ ਉਪਜਾਊ ਤੇ ਕੀਮਤੀ 24311 ਏਕੜ ਜਬਰੀ ਗ੍ਰਹਿਣ ਕਰਨ ਵਾਲੀ ਲੈਂਡ ਪੂਲਿੰਗ ਨੀਤੀ ਨੂੰ ਲੱਖਾਂ ਕਿਸਾਨਾਂ, ਮਜ਼ਦੂਰਾਂ ਨੂੰ ਸਵੈ ਰੁਜ਼ਗਾਰ ਪ੍ਰਦਾਨ ਕਰਨ ਵਾਲੇ ਉੱਤਮ ਕਿੱਤੇ ਖੇਤੀ ਅਤੇ ਡੇਅਰੀ ਨੂੰ ਉਜਾੜਨ ਵਾਲੀ ਕਰਾਰ ਦਿੰਦਿਆਂ, ਇਸ ਨੂੰ ਫੌਰੀ ਤੌਰ ’ਤੇ ਵਾਪਸ ਲੈਣ ਦੀ ਮੰਗ ਕੀਤੀ। ਇਸ ਵਿਰੁੱਧ ਪੂਰੀ ਤਨਦੇਹੀ ਨਾਲ ਉੱਭਰ ਤੇ ਉੱਸਰ ਰਹੀ ਹੱਕੀ ਕਿਸਾਨ ਲਹਿਰ ਦੀ ਪੂਰੀ ਮਦਦ ਦਾ ਐਲਾਨ ਕੀਤਾ ਗਿਆ। ਦੂਜੇ ਮਤੇ ਰਾਹੀਂ ਸਿਆਸੀ ਲੈਂਡ ਮਾਫੀਆ ਵੱਲੋਂ ਗੈਰਕਾਨੂੰਨੀ ਅਤੇ ਗੈਰਸੰਵਿਧਾਨਕ ਰੂਪ ਵਿੱਚ ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ ਦੇ ਖੇਡ ਮੈਦਾਨ ਦੀ ਬੇਸ਼ਕੀਮਤੀ ਜ਼ਮੀਨ ਉੱਪਰ ਆਪਣੇ ਏਜੰਟ ਠੇਕੇਦਾਰ ਰਾਹੀਂ ਖੜ੍ਹੇ ਕੀਤੇ ਪਿੱਲਰ ਅਤੇ ਲਾਈਆਂ ਤਾਰਾਂ ਨੂੰ ਪੁੱਟ ਕੇ ਗੈਰਕਾਨੂੰਨੀ, ਗੈਰ ਸੰਵਿਧਾਨਕ ਅਤੇ ਗੈਰਵਿੱਦਿਅਕ ਕਬਜ਼ੇ ਦਾ ਖਾਤਮਾ ਕਰਨ ਵਾਲੀਆਂ ‘ਮਾਈ ਭਾਗੋ ਦੀਆਂ ਵਾਰਸ’ ਕਾਲਜ ਦੀਆਂ ਬਹਾਦਰ ਵਿਦਿਆਰਥਣਾਂ ਦੇ ਹੱਕੀ ਐਕਸ਼ਨ ਦੀ ਹਮਾਇਤ ਦਾ ਐਲਾਨ ਕੀਤਾ।