ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨਾਂ ਨੂੰ ਬੀਜ ਵੰਡੇ
ਖੇਤ ਪੱਧਰੇ ਕਰਨ ਦੀ ਮੁਹਿੰਮ ਤਹਿਤ 23 ਨੂੰ ਰਵਾਨਾ ਹੋਵੇਗਾ ਕਾਫ਼ਲਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਡੰਗਰਾਂ ਲਈ ਅਚਾਰ, ਰਾਸ਼ਨ ਤੇ ਤੂੜੀ ਤੋਂ ਇਲਾਵਾ ਕਣਕ ਬੀਜਣ ਲਈ ਬੀਜ ਵੰਡੇ। ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਮੀਤ ਪ੍ਰਧਾਨ ਮਨੋਹਰ ਸਿੰਘ ਕਲਾੜ, ਖਜ਼ਾਨਚੀ ਰਾਜਿੰਦਰ ਸਿੰਘ ਸਿਆੜ ਅਤੇ ਬਲਵੰਤ ਸਿੰਘ ਘੁਡਾਣੀ ਦੀ ਅਗਵਾਈ ਹੇਠ ਕਿਸਾਨਾਂ ਦੇ ਵਫ਼ਦ ਨੇ ਪਿੰਡ ਬਹਾਦਰਕੇ ਅਤੇ ਬਾਘੀਆਂ ਵਿੱਚ ਕਿਸਾਨਾਂ ਨੂੰ ਡੰਗਰਾਂ ਦੇ ਚਾਰੇ ਤੋਂ ਇਲਾਵਾ 425 ਥੈਲੇ ਬੀਜ ਵੰਡਿਆ। ਇਸ ਮੌਕੇ ਜ਼ਿਲ੍ਹਾ ਆਗੂਆਂ ਨੇ ਕਿਹਾ ਕਿ ਹੜ੍ਹਾਂ ਕਾਰਨ ਜਿੰਨਾ ਜ਼ਿਆਦਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਤਾਂ ਯੂਨੀਅਨ ਵੱਲੋਂ ਪੂਰੀ ਨਹੀਂ ਹੋ ਸਕਦੀ ਪਰ ਆਪਣੇ ਵਿੱਤ ਮੁਤਾਬਿਕ ਜ਼ਿਲ੍ਹਾ ਲੁਧਿਆਣਾ, ਫਾਜ਼ਿਲਕਾ, ਸ੍ਰੀ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ ਤੇ ਹੁਸ਼ਿਆਰਪੁਰ ਵਿੱਚ ਲਗਾਤਾਰ ਵੱਡੀ ਗਿਣਤੀ 'ਚ ਮਜ਼ਦੂਰਾਂ ਤੇ ਬੇਜ਼ਮੀਨੇ ਲੋਕਾਂ ਲਈ ਕਣਕ ਵੰਡੀ ਗਈ ਹੈ ਅਤੇ ਕਿਸਾਨਾਂ ਨੂੰ ਕਣਕ ਬੀਜਣ ਲਈ ਬੀਜ ਦਿੱਤਾ ਗਿਆ ਹੈ। ਤੂੜੀ ਦੇ ਦਰਜਨਾ ਭੂੰਗ ਵੀ ਭੇਜੇ ਗਏ ਹਨ।
ਆਗੂਆਂ ਕਿਹਾ ਕਿ ਜਿਨ੍ਹਾਂ ਖੇਤਾਂ ਵਿੱਚ ਹਾਲੇ ਕਣਕ ਨਹੀਂ ਬੀਜੀ ਜਾ ਰਹੀ ਅਤੇ ਖੇਤਾਂ ਵਿੱਚ ਰੇਤਾ ਅਤੇ ਗਾਰ ਚੜ੍ਹੀ ਹੋਈ ਹੈ ਉਨ੍ਹਾਂ ਖੇਤਾਂ ਨੂੰ ਪੱਧਰ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ 23 ਅਕਤੂਬਰ ਨੂੰ ਮਾਲਵੇ ਚੋ ਵੱਡੀ ਗਿਣਤੀ ਵਿੱਚ ਟਰੈਕਟਰਾਂ ਦੇ ਕਾਫ਼ਲੇ ਬੰਨ ਕੇ ਜਾਣਗੇ ਤੇ ਉਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਪੱਧਰ ਕਰਨਗੇ।
ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਫ਼ਸਲਾਂ ਦਾ ਮੁਆਵਜ਼ਾ ਪੂਰਾ ਪੂਰਾ ਦਿੱਤਾ ਜਾਵੇ, ਉਨ੍ਹਾਂ ਦੇ ਕਰਜ਼ੇ ਖ਼ਤਮ ਕੀਤੇ ਜਾਣ, ਜ਼ਮੀਨਾਂ ਪੱਧਰ ਕਰਨ ਤੇ ਡੀਜ਼ਲ ਸਬਸਿਡੀ ਵਾਲਾ ਦਿੱਤਾ ਜਾਵੇ। ਇਸ ਮੌਕੇ ਯੁਵਰਾਜ ਸਿੰਘ ਘੁਡਾਣੀ, ਜਸਵੰਤ ਸਿੰਘ ਭੱਟੀਆਂ, ਅਮਰੀਕ ਸਿੰਘ ਭੂੰਦੜੀ, ਮਨਜੀਤ ਸਿੰਘ ਰਾਏਕੋਟ, ਤੀਰਥ ਸਿੰਘ ਤਲਵੰਡੀ, ਸਤਪਾਲ ਸਿੰਘ ਪੱਤੀ ਮਲਤਾਨੀ, ਬਲਵੀਰ ਸਿੰਘ ਫੱਲੇਵਾਲ, ਕਮਿਕਰ ਸਿੰਘ, ਅਜੀਤ ਸਿੰਘ ਅਤੇ ਸੋਹਣ ਸਿੰਘ ਬਾਘੀਆਂ ਹਾਜ਼ਰ ਸਨ।