ਖੱਟਰਾਂ ਆਂਗਣਵਾੜੀ ਯੂਨੀਅਨ ਬਲਾਕ ਸਮਰਾਲਾ ਦੀ ਪ੍ਰਧਾਨ ਬਣੀ
ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਬਲਾਕ ਸਮਰਾਲਾ ਦਾ ਇੱਕ ਰੋਜ਼ਾ ਆਮ ਇਜਲਾਸ ਇਥੋਂ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੇ ਹਾਲ ਵਿੱਚ ਹੋਇਆ, ਜਿਸ ਵਿੱਚ ਬਲਾਕ ਸਮਰਾਲਾ ਦੇ ਵੱਖ-ਵੱਖ ਪਿੰਡਾਂ ਤੋਂ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਇਜਲਾਸ ਵਿੱਚ ਸੂਬਾ ਜਨਰਲ ਸਕੱਤਰ ਸੁਭਾਸ਼ ਰਾਣੀ ਤੇ ਜ਼ਿਲ੍ਹਾ ਲੁਧਿਆਣਾ ਕੈਸ਼ੀਅਰ ਸੁਰਜੀਤ ਕੌਰ ਉਚੇਚੇ ਤੌਰ ’ਤੇ ਪੁੱਜੀਆਂ, ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਆਂਗਨਵਾੜੀ ਮੁਲਾਜ਼ਮਾਂ ਦੀਆਂ ਪ੍ਰਾਪਤੀਆਂ ਅਤੇ ਚੱਲ ਰਹੇ ਸੰਘਰਸ਼ ’ਤੇ ਚਾਨਣਾ ਪਾਇਆ। ਇਸ ਤੋਂ ਇਲਾਵਾ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਹੱਕੀ ਮੰਗਾਂ ਜਲਦੀ ਲਾਗੂ ਕਰਨ ਸਬੰਧੀ ਵੀ ਅਪੀਲ ਕੀਤੀ ਗਈ।
ਇਸ ਮੌਕੇ ਪਿਛਲੇ ਸਾਲ ਦਾ ਲੇਖਾ-ਜੋਖਾ ਪਾਸ ਕਰਨ ਉਪਰੰਤ ਬਲਾਕ ਸਮਰਾਲਾ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਪਰਮਜੀਤ ਕੌਰ ਖੱਟਰਾਂ ਨੂੰ ਬਲਾਕ ਸਮਰਾਲਾ ਨੂੰ ਲਗਾਤਾਰ ਤੀਸਰੀ ਪ੍ਰਧਾਨ ਚੁਣ ਲਿਆ ਗਿਆ। ਬਾਕੀ ਅਹੁਦੇਦਾਰਾਂ ਵਿੱਚ ਹਰਦੀਪ ਕੌਰ ਸਮਰਾਲਾ ਕਾਰਜਕਾਰੀ ਪ੍ਰਧਾਨ, ਕਮਲਜੀਤ ਕੌਰ ਜਨਰਲ ਸਕੱਤਰ, ਰਣਜੀਤ ਕੌਰ ਲੱਧੜਾਂ ਕੈਸ਼ੀਅਰ ਵਜੋਂ ਚੋਣ ਕੀਤੀ ਗਈ। ਕਾਰਜਕਾਰੀ ਮੈਂਬਰਾਂ ਵਿੱਚ ਰਣਧੀਰ ਕੌਰ ਬਰਧਾਲਾਂ, ਹਰਪ੍ਰੀਤ ਕੌਰ ਹਰਬੰਸਪੁਰਾ, ਕਰਮਜੀਤ ਕੌਰ ਸਮਰਾਲਾ, ਸਰਬਜੀਤ ਕੌਰ ਦਿਆਲਪੁਰਾ, ਹਰਪ੍ਰੀਤ ਕੌਰ ਸਮਰਾਲਾ, ਗੁਰਿੰਦਰ ਕੌਰ ਗੋਸਲਾਂ, ਮਨਪ੍ਰੀਤ ਕੌਰ ਮਾਣਕੀ, ਬਲਵਿੰਦਰ ਕੌਰ ਨੀਲੋਂ, ਹਰਮੇਲ ਕੌਰ ਖੱਟਰਾਂ ਦੀ ਚੋਣ ਕੀਤੀ ਗਈ।
ਪਰਮਜੀਤ ਕੌਰ ਖੱਟਰਾਂ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਲਗਾਤਾਰ ਤੀਸਰੀ ਵਾਰ ਪ੍ਰਧਾਨ ਚੁਣ ਕੇ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗੀ ਅਤੇ ਬਲਾਕ ਸਮਰਾਲਾ ਅਧੀਨ ਪੈਂਦੇ ਸਮੂਹ ਆਂਗਣਵਾੜੀ ਸੈਂਟਰਾਂ ਦੇ ਮੁਲਾਜਮਾਂ ਦੀ ਮੁੱਢਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਾਈ ਕਮਾਂਡ ਦੇ ਧਿਆਨ ਹਿੱਤ ਲਿਆ ਕੇ ਹੱਲ ਕੀਤਾ ਜਾਵੇਗਾ। ਅਖੀਰ ਉਨ੍ਹਾਂ ਸਮਰਾਲਾ ਬਲਾਕ ਵਿੱਚੋਂ ਆਈਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਇਜਲਾਸ ਵਿੱਚ ਪੁੱਜਣ ਲਈ ਧੰਨਵਾਦ ਕੀਤਾ।