ਖੰਨਾ ਨਗਰ ਕੌਂਸਲ ਨੇ ਵਾਰਡਬੰਦੀ ਬੋਰਡ ਕਾਇਮ ਕਰਨ ਲਈ ਨਾਂ ਮੰਗੇ
ਇਸ ਵਾਰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਸ਼ਹਿਰ ’ਚ ਵਾਰਡਾਂ ਦੀ ਵੰਡ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਖੰਨਾ ਨਗਰ ਕੌਂਸਲ ਨੂੰ ਪੱਤਰ ਲਿਖ ਕੇ ਖੰਨਾ ’ਚ ਵਾਰਡਾਂ ਦੀ ਵੰਡ ਨੂੰ ਮਨਜ਼ੂਰੀ ਦਿੰਦਿਆਂ ਪਹਿਲੀ ਅਗਸਤ ਤੋਂ ਪਹਿਲਾਂ ਹੱਦਬੰਦੀ ਬੋਰਡ ਕਾਇਮ ਕਰਨ ਲਈ ਵੱਖ ਵੱਖ ਸਿਆਸੀ ਪਾਰਟੀਆਂ ਦੇ ਪੰਜ ਮੈਬਰਾਂ ਦੇ ਨਾਂ ਮੰਗੇ ਹਨ। ਨਗਰ ਕੌਂਸਲ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਕੌਂਸਲ ਵੱਲੋਂ ਭੇਜੀ ਗਈ ਰਿਪ੍ਰੋਟ ਦੀ ਜਾਂਚ ਕਰਨ ਤੋਂ ਬਾਅਦ ਇਹ ਪਾਇਆ ਗਿਆ ਹੈ ਕਿ ਨਗਰ ਕੌਂਸਲ ਦੀ ਵਾਰਡਵਾਰ ਅਬਾਦੀ ਵਿਚ ਅਸਧਾਰਨ ਅੰਤਰ ਹੈ, ਜਿਸ ਕਾਰਨ ਕੌਂਸਲ ’ਚ ਵਾਰਡਾਂ ਦੀ ਹੱਦਬੰਦੀ ਦੇ ਨਿਯਮ 1972 ਦੇ ਨਿਯਮ 4(2) ਤਹਿਤ ਵਾਰਡਾਂ ਦੀ ਵੰਡ ਦੀ ਲੋੜ ਹੈ। ਇਸ ਲਈ ਸਰਕਾਰ ਨੇ ਨਗਰ ਕੌਂਸਲ ’ਚ ਵਾਰਡ ਵੰਡ ਕਰਵਾਉਣ ਦਾ ਫੈਸਲਾ ਕੀਤਾ ਹੈ। ਨਗਰ ਕੌਂਸਲ ਦੇ ਵਾਰਡਾਂ ਦੀ ਹੱਦਬੰਦੀ ਲਈ ਕੌਂਸਲ ਖੰਨਾ ਦੀ ਅੰਤਿਮ ਨਗਰ ਕੌਂਸਲ ਸੀਮਾਵਾਂ ਦੀ ਨੋਟੀਫਿਕੇਸ਼ਨ ਅਨੁਸਾਰ ਕੌਂਸਲ ਦੇ ਵਾਰਡ ਦੀ ਹੱਦਬੰਦੀ ਨਿਯਮ, ਤਹਿਤ ਹੱਦਬੰਦੀ ਬੋਰਡ ਦੇ ਗਠਨ ਲਈ ਨਕਸ਼ੇ ਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਵੱਧ ਤੋਂ ਵੱਧ ਪੰਜ ਐਸੋਸ਼ੀਏਸ਼ਨ ਮੈਬਰਾਂ ਦੇ ਨਾਵਾਂ ਦੀਆਂ ਕਾਪੀਆਂ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜਣ ਲਈ ਕਿਹਾ ਹੈ।