ਜੋਗਿੰਦਰ ਸਿੰਘ ਓਬਰਾਏ
ਖੰਨਾ, 20 ਮਈ
ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਲਾਏ 15 ਕਰੋੜ ਦੇ ਟੈਡਰਾਂ ਨਾਲ ਲੋਕਾਂ ਨੂੰ ਸ਼ਹਿਰ ਦੀ ਖੁਸ਼ਹਾਲੀ ਦੀ ਆਸ ਬੱਝੀ ਸੀ ਪਰ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਨ੍ਹਾਂ ਟੈਡਰਾਂ ਵਿੱਚ ਘਪਲਾ ਹੋਣ ਦਾ ਸ਼ੰਕਾ ਖੜ੍ਹਾ ਹੋ ਗਿਆ ਹੈ। ਕੌਂਸਲ ਅਧਿਕਾਰੀਆਂ ਵੱਲੋਂ ਕਈ ਅਜਿਹੀਆਂ ਗਲੀਆਂ ਦੇ ਟੈਂਡਰ ਲਾਏ ਗਏ ਹਨ ਜੋ ਹਾਲੇ ਸਾਫ ਸੁਥਰੀਆਂ ਹਨ ਤੇ ਕੋਈ ਟੁੱਟ-ਭੱਜ ਦਿਖਾਈ ਨਹੀਂ ਦਿੰਦੀ। ਇਨ੍ਹਾਂ ਗਲੀਆਂ ਵਿਚ ਟੈਂਡਰ ਲਾਉਣ ਦੀ ਕੋਈ ਜ਼ਰੂਰਤ ਨਜ਼ਰ ਨਹੀਂ ਆਉਂਦੀ।
ਵਾਰਡ ਨੰਬਰ-11 ਵਿੱਚ ਕੌਂਸਲ ਅਧਿਕਾਰੀਆਂ ਨੇ ਲੂੰਬਾ ਸਟਰੀਟ ਤੋਂ ਮਹੇਸ਼ ਕਰਿਆਨਾ ਸਟੋਰ ਤੇ ਚੰਡੀਗੜ੍ਹ ਕਲੀਨਿਕ ਤੱਕ 23.53 ਲੱਖ ਰੁਪਏ ਦਾ ਟੈਂਡਰ ਲਗਾਇਆ ਹੈ ਪਰ ਇਹ ਗਲੀ ਨਵੀਂ ਨਕੋਰ ਤੇ ਸਾਫ਼ ਸੁਥਰੀ ਪਈ ਹੈ। ਜਦ ਕਿ ਸ਼ਹਿਰ ਵਿੱਚ ਹੋਰ ਕਈ ਥਾਈਂ ਗਲੀਆਂ ਟੁੱਟੀਆਂ ਹੋਈਆਂ ਹਨ। ਇਸ ਮੌਕੇ ਬਲਵੰਤ ਸਿੰਘ ਲੋਹਟ ਅਤੇ ਵਿਕਰ ਨੇ ਰੋਸ ਪ੍ਰਗਟਾਇਆ ਕਿ ਇਹ ਸੜਕ ਕੁਝ ਸਾਲ ਪਹਿਲਾਂ ਇੰਟਰਲਾਕ ਟਾਇਲਾਂ ਨਾਲ ਨਵੀਂ ਬਣਾਈ ਗਈ ਸੀ ਤੇ ਅੱਜ ਵੀ ਇਸ ਦੀ ਹਾਲਤ ਬਹੁਤ ਵਧੀਆ ਹੈ ਜਦਕਿ ਸ਼ਹਿਰ ਦੀ ਜਗਜੀਤ ਕਲੋਨੀ ਅਤੇ ਅਮਲੋਹ ਰੋਡ ਆਦਿ ਇਲਾਕਿਆਂ ਵਿਚ ਕੱਚੀਆਂ ਗਲੀਆਂ ਕਾਰਨ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾਵੇਗੀ।
ਕਾਗਜ਼ ਦੇਖ ਕੇ ਅਗਲੀ ਕਾਰਵਾਈ ਕਰਾਂਗੇ: ਐੱਮਈ
ਇਸ ਸਬੰਧੀ ਕੌਂਸਲ ਦੇ ਐੱਮਈ ਮੁਕੇਸ਼ ਕੁਮਾਰ ਨੇ ਕਿਹਾ ਕਿ ਇਸ ਗਲੀ ਬਾਰੇ ਉਨ੍ਹਾਂ ਦੇ ਧਿਆਨ ਵਿੱਚ ਕੁਝ ਨਹੀਂ ਹੈ ਕਿਉਂਕਿ ਉਹ ਪੂਰਾ ਜ਼ਿਲ੍ਹਾ ਦੇਖਦੇ ਹਨ ਇਸ ਲਈ ਲੋਕਲ ਦੇਖਣਾ ਮੁਸ਼ਕਿਲ ਹੋ ਜਾਂਦਾ ਹੈ। ਉਹ ਕੱਲ੍ਹ ਸਵੇਰੇ ਕਾਗਜ਼ ਦੇਖ ਕੇ ਹੀ ਕੁਝ ਦੱਸ ਸਕਦੇ ਹਨ ਕਿਉਂਕਿ ਉਹ ਪੂਰਾ ਜ਼ਿਲ੍ਹਾ ਦੇਖਦੇ ਹਨ, ਬਾਕੀ ਕੰਮ ਜੇਈ ਨੇ ਦੇਖਣਾ ਹੁੰਦਾ ਹੈ।