ਖਾਲਸਾ ਕਾਲਜ ਨੇ ਅੰਤਰ-ਕਾਲਜ ਬਾਸਕਟਬਾਲ ਚੈਂਪੀਅਨਸ਼ਿਪ ਜਿੱਤੀ
ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਕਾਲਜਾਂ ਦੀਆਂ ਨੌਂ ਟੀਮਾਂ ਨੇ ਹਿੱਸਾ
ਖਾਲਸਾ ਕਾਲਜ ਫਾਰ ਵਿਮੈਨ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਬਾਸਕਟਬਾਲ ਵਿਮੈਨ ਚੈਂਪੀਅਨਸ਼ਿਪ ਕਰਵਾਈ। ਸਥਾਨਕ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਕਾਲਜਾਂ ਦੀਆਂ ਕੁੱਲ 9 ਟੀਮਾਂ ਨੇ ਹਿੱਸਾ ਲਿਆ। ਇਸ ਚੈਂਪੀਅਨਸ਼ਿਪ ਵਿੱਚ ਖਾਲਸਾ ਕਾਲਜ ਫਾਰ ਵਿਮੈਨ ਦੀ ਟੀਮ ਜੇਤੂ ਰਹੀ। ਖਾਲਸਾ ਕਾਲਜ ਵੱਲੋਂ 24 ਤੋਂ 26 ਅਕਤੂਬਰ ਤੱਕ ਕਰਵਾਈ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਬਾਸਕਟਬਾਲ ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਈ। ਇਸ ਚੈਂਪੀਅਨਸ਼ਿਪ ਦੌਰਾਨ ਵੱਖ ਵੱਖ ਕਾਲਜਾਂ ਦੀਆਂ ਔਰਤਾਂ ਦੀਆਂ ਟੀਮਾਂ ਦੇ ਰੌਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ। ਸਾਰੇ ਖਿਡਾਰੀਆਂ ਨੇ ਵਧੀਆ ਖੇਡ ਦਿਖਾਉਂਦਿਆਂ ਦਰਸ਼ਕਾਂ ਦਾ ਚੰਗਾ ਮਨੋਰੰਜਨ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਖਾਲਸਾ ਕਾਲਜ ਨੇ ਐੱਸ ਜੀ ਜੀ ਜੀ ਐੱਸ ਕਾਲਜ, ਸੈਕਟਰ-26, ਚੰਡੀਗੜ੍ਹ ਦੀ ਟੀਮ ਨੂੰ ਹਰਾ ਕੇ ਚੈਂਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ। ਐੱਸ ਜੀ ਜੀ ਜੀ ਜੀ ਐੱਸ ਕਾਲਜ ਦੀ ਟੀਮ ਨੂੰ ਦੂਜਾ ਸਥਾਨ ਮਿਲਿਆ ਜਦ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਤੀਜੇ ਸਥਾਨ ’ਤੇ ਰਹੀ। ਖਾਲਸਾ ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਕੌਰ ਦੀ ਅਗਵਾਈ ਵਿੱਚ ਕਰਵਾਈ ਇਹ ਚੈਂਪੀਅਨਸ਼ਿਪ ਹੋਰਨਾਂ ਵਿਦਿਆਰਥੀਆਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕਰਦੀ ਹੋਈ ਅੱਜ ਸਮਾਪਤ ਹੋ ਗਈ। ਪ੍ਰਿੰਸੀਪਲ ਡਾ. ਕਮਲਜੀਤ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਭਵਿੱਖ ’ਚ ਵੀ ਇਸੇ ਤਰ੍ਹਾਂ ਜਿੱਤਾਂ ਦਰਜ ਕਰਕੇ ਆਪੋ ਆਪਣੇ ਕਾਲਜਾਂ ਦਾ ਨਾਮ ਉੱਚਾ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਪਲੈਟਫਾਰਮ ਵਿਦਿਆਰਥੀਆਂ ਦੀ ਖੇਡ ਨੂੰ ਹੋਰ ਨਿਖਾਰਨ ਦਾ ਕੰਮ ਕਰਦੇ ਹਨ। ਖੇਡਾਂ ਸਿਰਫ ਸਰੀਰਕ ਤੌਰ ’ਤੇ ਮਜ਼ਬੂਤ ਨਹੀਂ ਬਣਾਉਂਦੀਆਂ ਸਗੋਂ ਫੈਸਲਾ ਲੈਣ, ਅਨੁਸ਼ਾਸਨ ਵਿੱਚ ਰਹਿਣ ਅਤੇ ਆਪਸੀ ਸਾਂਝ ਨੂੰ ਵਧਾਉਣ ਦਾ ਕੰਮ ਵੀ ਕਰਦੀਆਂ ਹਨ।

