ਖ਼ਾਲਸਾ ਤੇ ਢਿੱਲੋਂ ਧੁੱਸੀ ਬੰਨ੍ਹ ਦੀ ਮੁਰੰਮਤ ’ਚ ਲੱਗੇ ਲੋਕਾਂ ਦੀ ਮਦਦ ਲਈ ਪੁੱਜੇ
ਲੁਧਿਆਣਾ ਤੇ ਰੋਪੜ ਜ਼ਿਲ੍ਹੇ ਦੇ ਪਿੰਡ ਫੱਸਿਆਂ ਵਿੱਚ ਸਤਲੁਜ ਦਾ ਪਾਣੀ ਧੁੱਸੀ ਬੰਨ੍ਹ ਨੂੰ ਢਾਹ ਲਾ ਰਿਹਾ ਹੈ ਜਿੱਥੇ ਦੋਵੇਂ ਹੀ ਜ਼ਿਲਿਆਂ ਨਾਲ ਸਬੰਧਤ ਪਿੰਡਾਂ ਦੇ ਸੈਂਕੜੇ ਲੋਕ ਬੰਨ੍ਹ ਦੀ ਮੁਰੰਮਤ ਕਰਨ ਵਿੱਚ ਜੁਟੇ ਹੋਏ ਹਨ। ਅੱਜ ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖ਼ਾਲਸਾ ਅਤੇ ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਪਿੰਡ ਫੱਸਿਆਂ ਪੁੱਜੇ ਅਤੇ ਆਪਣੇ ਵੱਲੋਂ ਸੰਭਵ ਸਹਾਇਤਾ ਦਿੱਤੀ। ਆਗੂਆਂ ਨੇ ਕਿਹਾ ਕਿ ਦੋਵੇਂ ਜ਼ਿਲ੍ਹਿਆਂ ਦੇ ਪਿੰਡਾਂ ਦੇ ਲੋਕਾਂ ਨੇ ਇੱਕ ਦਿਨ ਵਿੱਚ ਹੀ ਟਰੈਕਟਰ, ਟਰਾਲੀਆਂ, ਮਸ਼ੀਨਾਂ ਅਤੇ ਹੱਥੀਂ ਕਿਰਤ ਕਰ ਕੇ ਹਜ਼ਾਰਾਂ ਬੋਰੀ ਧੁੱਸੀ ਬੰਨ੍ਹ ਦੀ ਮੁਰੰਮਤ ਵਿੱਚ ਲਾਈਆਂ ਹਨ। ਉਨ੍ਹਾਂ ਕਿਹਾ ਕਿ ਇਕੱਲਾ ਪ੍ਰਸ਼ਾਸਨ ਇਸ ਸਮੇਂ ਕੁਝ ਨਹੀਂ ਕਰ ਸਕਦਾ, ਜ਼ਰੂਰਤ ਹੈ ਕਿ ਪਿੰਡਾਂ ਦੇ ਲੋਕ ਇਸ ਤਰ੍ਹਾਂ ਇੱਕਜੁਟ ਹੋ ਕੇ ਰਾਹਤ ਕਾਰਜਾਂ ਵਿੱਚ ਜੁਟ ਜਾਣ। ਪਰਮਜੀਤ ਢਿੱਲੋਂ ਨੇ ਇਸ ਮੌਕੇ ਆਪਣੇ ਵੱਲੋਂ ਰਾਹਤ ਕਾਰਜਾਂ ਲਈ ਸਹਾਇਤਾ ਵੀ ਦਿੱਤੀ। ਇਸ ਮੌਕੇ ਅਕਾਲੀ ਆਗੂ ਹਰਜਤਿੰਦਰ ਸਿੰਘ ਬਾਜਵਾ, ਸਰਪੰਚ ਜੋਗਿੰਦਰ ਸਿੰਘ ਪੋਲਾ, ਮਨਜੀਤ ਸਿੰਘ ਮੱਕੜ, ਚਰਨਜੀਤ ਸਿੰਘ ਲੱਖੋਵਾਲ, ਦਲਜੀਤ ਸਿੰਘ ਬੁੱਲੇਵਾਲ ਤੇ ਹਰਜਿੰਦਰ ਸਿੰਘ ਛੌੜੀਆਂ ਵੀ ਮੌਜੂਦ ਸਨ।