ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੇਜਰੀਵਾਲ ਅਤੇ ਭਗਵੰਤ ਮਾਨ ਦੀ ਮਾਨਸਿਕਤਾ ਦਲਿਤ ਵਿਰੋਧੀ: ਰਿੰਕੂ

‘ਆਪ’ ਸਰਕਾਰ ਉੱਤੇ ਦਲਿਤਾਂ ਨਾਲ ਕੀਤੇ ਵਾਅਦੇ ਵਿਸਾਰਨ ਦਾ ਦੋਸ਼
ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਮੀਡੀਆ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਇੰਦਰਜੀਤ ਵਰਮਾ
Advertisement

ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਹੈ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਲਿਤ ਵਿਰੋਧੀ ਮਾਨਸਿਕਤਾ ਸਾਹਮਣੇ ਆ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਸਾਲ 2022 ਦੀਆਂ ਚੋਣਾਂ ਸਮੇਂ ਦਲਿਤ ਭਾਈਚਾਰੇ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।

ਇੱਥੇ ਦੁੱਗਰੀ ਸਥਿਤ ਭਾਜਪਾ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਰਿੰਕੂ ਨੇ ਕਿਹਾ ਕਿ

Advertisement

ਪੰਜਾਬ ਦੀ ਲਗਭਗ 31 ਫ਼ੀਸਦੀ ਦਲਿਤ ਆਬਾਦੀ ਦਾ ਵੋਟ ਲੈਣ ਖਾਤਰ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਐਲਾਨ ਕੀਤੇ ਸਨ। ਉਸ ਵਿੱਚ ਇੱਕ ਇਹ ਵੀ ਐਲਾਨ ਸੀ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਪੰਜਾਬ ਦਾ ਉਪ ਮੁੱਖ ਮੰਤਰੀ ਦਲਿਤ ਸਮਾਜ ਨਾਲ ਸਬੰਧਤ ਹੋਵੇਗਾ। ਉਨ੍ਹਾਂ ਕਿਹਾ ਕਿ ਸਾਢੇ ਤਿੰਨ ਸਾਲ ਬੀਤਣ ਦੇ ਬਾਵਜੂਦ ‘ਆਪ’ ਆਗੂਆਂ ਵੱਲੋਂ ਕੀਤਾ ਗਿਆ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਦਕਿ ਇਸ ਅਰਸੇ ਦੌਰਾਨ 7 ਵਾਰ ਵਜ਼ਾਰਤ ਵਿੱਚ ਰੱਦੋਬਦਲ ਕੀਤੀ ਗਈ ਹੈ। ਸ੍ਰੀ ਰਿੰਕੂ ਨੇ ਕਿਹਾ ਕਿ ‘ਆਪ’ ਦੇ ਪ੍ਰਮੁੱਖ ਆਗੂਆਂ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਸਮੇਂ ਇੱਕ ਵਿਸ਼ੇਸ਼ ਸਿੱਟ ਦਾ ਗਠਨ ਕੀਤਾ ਜਾਵੇਗਾ ਜੋ ਦਲਿਤ ਭਾਈਚਾਰੇ ਖ਼ਿਲਾਫ਼ ਹੋਏ ਅੱਤਿਆਚਾਰਾਂ ਅਤੇ ਝੂਠੇ ਕੇਸਾਂ ਦੀ ਜ਼ਿੰਮੇਵਾਰੀ ਤੈਅ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਰੜੀ ਸਜ਼ਾ ਦੀ ਸਿਫ਼ਾਰਸ਼ ਕਰੇਗਾ ਪਰ ਹਾਲੇ ਤੱਕ ਇਸ ਬਾਰੇ ਕੋਈ ਕਦਮ ਨਹੀਂ ਚੁੱਕਿਆ ਗਿਆ।

ਉਨ੍ਹਾਂ ਕਿਹਾ ਕਿ ਬੇਅਦਬੀ ਕਾਨੂੰਨ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਭਗਵੰਤ ਮਾਨ ਸਰਕਾਰ ਨੂੰ ਸਾਢੇ ਤਿੰਨ ਸਾਲ ਤੱਕ ਤਾਂ ਇਸ ਕਾਨੂੰਨ ਦੀ ਯਾਦ ਨਹੀਂ ਆਈ ਪਰ ਹੁਣ ਚੋਣਾਂ ਨੇੜੇ ਦੇਖ ਕੇ ਸਰਕਾਰ ਕਾਹਲੀ ਵਿੱਚ ਇਹ ਕਾਨੂੰਨ ਲਿਆ ਰਹੀ ਹੈ ਜਿਸ ਵਿੱਚ ਕਈ ਖਾਮੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਟਕਾ ਸਾਹਿਬ, ਭਾਗਵਦ ਗੀਤਾ, ਪਵਿੱਤਰ ਕੁਰਾਨ ਅਤੇ ਬਾਈਬਲ ਨੂੰ ਸ਼ਾਮਲ ਕੀਤਾ ਗਿਆ ਹੈ ਪ੍ਰੰਤੂ ਬੋਧ ਧਰਮ, ਜੈਨ ਧਰਮ ਅਤੇ ਪਾਰਸੀ ਧਰਮ ਦੇ ਪਵਿੱਤਰ ਗ੍ਰੰਥਾਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਡਾ. ਡੀਪੀ ਖੋਸਲ, ਯਸ਼ਪਾਲ ਜਨੋਤਰਾ, ਨਿਰਮਲ ਨਈਅਰ, ਐੱਸਸੀ ਮੋਰਚਾ ਦੇ ਪ੍ਰਧਾਨ ਅਜੇਪਾਲ ਦਿਸਾਵਰ ਅਤੇ ਡਾ. ਸਤੀਸ਼ ਕੁਮਾਰ ਸਮੇਤ ਕਈ ਆਗੂ ਹਾਜ਼ਰ ਸਨ।

Advertisement