ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣੇ ਲੁਧਿਆਣਾ ਦੌਰੇ ਦੌਰਾਨ ਜਨਾਨਾ ਜੇਲ੍ਹ ਵਿੱਚ ਸਿਹਤ ਸਹੂਲਤਾਂ, ਖੁਰਾਕ ਅਤੇ ਕਾਨੂੰਨੀ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਜੇਲ੍ਹ ਬੰਦੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਰਾਜਪਾਲ ਕਟਾਰੀਆ ਨੇ ਜਨਾਨਾ ਜੇਲ੍ਹ ਵਿੱਚ ਕੈਦੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਜੇਲ੍ਹ ਵਿੱਚ ਭੋਜਨ ਸੇਵਾਵਾਂ, ਡਾਕਟਰੀ ਸਹੂਲਤਾਂ, ਲੀਗਲ ਏਡ ਕਲੀਨਿਕ, ਪੀਸੀਓ, ਲਾਇਬਰੇਰੀ, ਬੈਰਕਾਂ, ਫੈਕਟਰੀ ਅਤੇ ਹੋਰ ਕਿੱਤਾਮੁਖੀ ਇਕਾਈਆਂ ਸਮੇਤ ਮੁੱਖ ਸਹੂਲਤਾਂ ਦਾ ਨਿੱਜੀ ਤੌਰ 'ਤੇ ਨਿਰੀਖਣ ਕੀਤਾ।
ਉਨ੍ਹਾਂ ਬੰਦੀ ਔਰਤਾਂ ਨਾਲ ਗੱਲਬਾਤ ਕਰਦਿਆਂ ਜੇਲ੍ਹ ਹਸਪਤਾਲ ਵਿੱਚ ਮਿਲ ਰਹੀਆਂ ਸਿਹਤ ਸਹੂਲਤਾਂ, ਦਿੱਤਾ ਜਾ ਰਿਹਾ ਖਾਣਾ ਅਤੇ ਉਨ੍ਹਾਂ ਦੇ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਜੇਲ੍ਹ ਬੰਦੀਆਂ ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਲਈ ਜੇਲ੍ਹ ਵਿੱਚ ਖੋਲ੍ਹੇ ਹੋਏ ਲੀਗਲ ਏਡ ਕਲੀਨਿਕ ਵਿੱਚ ਕਾਨੂੰਨੀ ਸਹਾਇਤਾ ਦਾ ਫਾਰਮ ਭਰਕੇ ਇਹ ਸਹੂਲਤ ਲੈ ਸਕਦੇ ਹਨ। ਉਨ੍ਹਾਂ ਬੰਦੀ ਔਰਤਾਂ ਨਾਲ ਰਹਿ ਰਹੇ ਬੱਚਿਆਂ ਨੂੰ ਪੜ੍ਹਨ ਲਈ ਕਾਪੀਆਂ, ਜੁਮੈਟਰੀ ਬਾਕਸ ਅਤੇ ਹੋਰ ਸਾਮਾਨ ਦਿੱਤਾ। ਬੰਦੀ ਔਰਤਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਵਿਰਾਸਤ ਦੀਆਂ ਝਲਕੀਆਂ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਉਨ੍ਹਾਂ ਵਾਤਾਵਰਨ ਦੀ ਸ਼ੁੱਧਤਾ ਲਈ ਜਨਾਨਾ ਜੇਲ੍ਹ ਵਿੱਚ ਬੂਟਾ ਵੀ ਲਗਾਇਆ। ਇਸ ਮੌਕੇ ਆਈਜੀ (ਜੇਲਾਂ) ਆਰਕੇ ਅਰੋੜਾ, ਡੀਆਈਜੀ (ਜੇਲ੍ਹਾਂ) ਦਲਜੀਤ ਸਿੰਘ ਰਾਣਾ, ਸੁਪਰਡੈਂਟ ਜਨਾਨਾ ਜੇਲ੍ਹ ਦਲਬੀਰ ਸਿੰਘ, ਡਿਪਟੀ ਸੁਪਰਡੈਂਟ ਰਵਨੀਤ ਕੌਰ ਢਿੱਲੋਂ ਅਤੇ ਹੋਰ ਅਧਿਕਾਰੀਆਂ ਵੱਲੋਂ ਸ੍ਰੀ ਕਟਾਰੀਆ ਨੂੰ ਜੇਲ੍ਹ ਵਿੱਚ ਬਣਾਈਆਂ ਗਈਆਂ ਵਸਤੂਆਂ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ, ਸੁਪਰਡੈਂਟ ਕੇਂਦਰੀ ਜੇਲ੍ਹ ਕੁਲਵੰਤ ਸਿੰਘ ਸਿੱਧੂ, ਜਗਜੀਤ ਸਿੰਘ, ਸ਼ਿਖਾ ਭਗਤ ਅਤੇ ਐਸਡੀਐਮ ਜਸਲੀਨ ਕੌਰ ਭੁੱਲਰ ਵੀ ਹਾਜ਼ਰ ਸਨ।
ਪੀਏਯੂ ਵਿੱਚ ਵਿਦਿਆਰਥੀ ਆਗੂਆਂ ਨਾਲ ਮੀਟਿੰਗ
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇਸ ਤੋਂ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਪ੍ਰਸ਼ਾਸਨ ਵੱਲੋਂ ਕਰਵਾਈ ਗਈ ਮੀਟਿੰਗ ਦੌਰਾਨ ਆਗੂਆਂ ਨੇ ਰਾਜਪਾਲ ਨੂੰ ਸਕੂਲਾਂ ਦੇ ਸਿਲੇਬਸ ਵਿੱਚ ਖੇਤੀਬਾੜੀ ਵਿਸ਼ਾ ਲਾਜ਼ਮੀ ਕਰਨ, ਖੇਤੀਬਾੜੀ ਮਹਿਕਮੇ, ਮਿੱਟੀ ਅਤੇ ਬਾਗਬਾਨੀ ਵਿਭਾਗ ਦੀਆਂ ਖਾਲੀ ਪਈਆਂ ਅਸਾਮੀਆਂ ਪੂਰੀਆਂ ਕਰਵਾਉਣ ਸਬੰਧੀ ਬੇਨਤੀ ਕੀਤੀ। ਰਾਜਪਾਲ ਪੰਜਾਬ ਨੇ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਇਨ੍ਹਾਂ ਮੰਗਾਂ ਸਬੰਧੀ ਉਚਿਤ ਕਾਰਵਾਈ ਯਕੀਨੀ ਬਣਾਉਣਗੇ।