7 ਦਿਨਾਂ ਬਾਅਦ ਹੋਇਆ ਕਾਰਤਿਕ ਬੱਗਣ ਦਾ ਸਸਕਾਰ
ਸ਼ਹਿਰ ਦੇ ਸੁੰਦਰ ਨਗਰ ਇਲਾਕੇ ਵਿੱਚ ਪਿਛਲੇ ਸ਼ਨਿੱਚਰਵਾਰ ਨੂੰ ਕਤਲ ਕੀਤੇ ਗਏ ਨੌਜਵਾਨ ਕਾਰਤਿਕ ਬੱਗਣ ਦਾ ਅੱਜ 7 ਦਿਨਾਂ ਬਾਅਦ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅੰਮਿਤ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵਿੱਚ ਦਲਿਤ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਹਾਲਾਂਕਿ, ਇਸ ਮਾਮਲੇ ਵਿੱਚ ਹਾਲੇ ਤੱਕ ਕਿਸੇ ਵੀ ਕਾਤਲ ਨੂੰ ਪੁਲੀਸ ਨੇ ਗ੍ਰਿਫ਼ਤਾਰ ਨਹੀਂ ਕੀਤਾ ਹੈ, ਪਰ ਬੀਤੀ ਰਾਤ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਕਾਰਤਿਕ ਦੇ ਘਰ ਪੁੱਜੇ ਸਨ ਤੇ ਉਥੇ ਉਸ ਦੇ ਪਰਿਵਾਰ ਤੇ ਦਲਿਤ ਸਮਾਜ ਦੇ ਲੋਕਾਂ ਨਾਲ ਮੀਟਿੰਗ ਕੀਤੀ ਸੀ ਜਿਸ ਤੋਂ ਬਾਅਦ ਦਲਿਤ ਭਾਈਚਾਰੇ ਨੇ ਲੁਧਿਆਣਾ ਬੰਦ ਦੀ ਕਾਲ ਨੂੰ ਵਾਪਸ ਲੈ ਲਿਆ ਸੀ ਤੇ ਅੱਜ ਅੰਤਿਮ ਸੰਸਕਾਰ ਕਰਨ ਦੀ ਗੱਲ ਆਖੀ ਸੀ।
ਦੁਪਹਿਰ ਦੇ ਸਮੇਂ ਘਾਟੀ ਵਾਲਮੀਕ ਤੋਂ ਉਸ ਦੇ ਪਰਿਵਾਰ ਵਾਲੇ ਪਹਿਲਾਂ ਸੀਐੱਮਸੀ ਹਸਪਤਾਲ ਤੋਂ ਲਾਸ਼ ਲੈ ਕੇ ਸਿਵਲ ਹਸਪਤਾਲ ਪੁੱਜੇ, ਜਿਥੇ ਪਹਿਲਾਂ ਉਸ ਦਾ ਪੋਸਟਮਾਰਟਮ ਕੀਤਾ ਗਿਆ। ਇਸ ਮਗਰੋਂ ਸ਼ਮਸ਼ਾਨ ਘਾਟ ਵਿੱਚ ਦੁਪਹਿਰ 2 ਵਜੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਕਾਰਤਿਕ ਦੇ ਅੰਤਿਮ ਸੰਸਕਾਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਉਸ ਦੇ ਪਰਿਵਾਰ ਵਿੱਚ ਉਸ ਦੀ ਭੈਣ, ਮਾਂ ਦਾ ਰੋ ਰੋ ਬੁਰਾ ਹਾਲ ਸੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਗੈਂਗਸਟਰ ਨਹੀਂ ਸੀ, ਬਲਕਿ ਪੁਰਾਣੀ ਰੰਜਿਸ਼ ਦੇ ਚਲਦੇ ਗੈਂਗਸਟਰਾਂ ਨੇ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਹੈ।
ਉਧਰ, ਪੁਲੀਸ ਕਮਿਸ਼ਨਰ ਨੇ ਕਿਹਾ ਕਿ ਕਾਰਤਿਕ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲੀਸ ਇਸ ਕੇਸ ਨੂੰ ਸੁਲਝਾਉਣ ਲਈ ਕਾਫ਼ੀ ਨਜ਼ਦੀਕ ਪੁੱਜ ਚੁੱਕੀ ਹੈ। ਪਿਛਲੇ ਸ਼ਨਿੱਚਰਵਾਰ ਸੁੰਦਰ ਨਗਰ ਇਲਾਕੇ ਵਿੱਚ ਕਰੀਬ ਸਾਢੇ 11 ਵਜੇ ਚਾਰ ਕਾਤਲਾਂ ਨੇ ਉਸਦਾ ਕਤਲ ਕੀਤਾ ਸੀ, ਜਿਸਦੀ ਸੀਸੀਟੀਵੀ ਫੁਟੇਜ਼ ਵੀ ਪੁਲੀਸ ਨੂੰ ਮਿਲ ਗਈ ਹੈ। ਕਾਰਤਿਕ ਦੇ ਚਾਰ ਗੋਲੀਆਂ ਲੱਗੀਆਂ ਸਨ, ਜਿਸ ਕਰਕੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਪੁਲੀਸ ਰਿਕਾਰਡ ਮੁਤਾਬਕ ਕਾਰਤਿਕ ’ਤੇ ਵੀ ਚਾਰ ਕੇਸ ਚੱਲ ਰਹੇ ਸਨ, ਉਹ ਜਮਾਨਤ ’ਤੇ ਹੀ ਬਾਹਰ ਸੀ। ਉਹ ਆਪਣੇ ਪਰਿਵਾਰ ਦਾ ਇੱਕਲੋਤ ਪੁੱਤਰ ਸੀ।