9 ਮੰਤਰੀਆਂ ਨੂੰ ਰੋਸ ਪੱਤਰ ਦੇਵੇਗਾ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਸੂਬਾਈ ਮੀਟਿੰਗ ’ਚ ਲਿਆ ਫ਼ੈਸਲਾ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਸੂਬਾਈ ਮੀਟਿੰਗ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਦੀ ਪ੍ਰਧਾਨਗੀ ਹੇਠ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਹੋਈ ਜਿਸ ਵਿੱਚ 12 ਅਕਤੂਬਰ ਨੂੰ ਪੰਜਾਬ ਦੇ 9 ਮੰਤਰੀਆਂ ਨੂੰ ਰੋਸ ਪੱਤਰ ਦੇਣ ਅਤੇ 17 ਅਕਤੂਬਰ ਨੂੰ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਦੀ ਮੋਗਾ ਵਿੱਚ ਮਨਾਈ ਜਾ ਰਹੀ ਬਰਸੀ ਮੌਕੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ।
ਮੀਟਿੰਗ ਦੌਰਾਨ ਪੰਜਾਬ ਵਿੱਚ ਪਿਛਲੇ ਦਿਨੀ ਹੜ੍ਹਾਂ ਦੀ ਮਾਰ ਹੇਠ ਆਏ ਕੁਝ ਪਿੰਡਾਂ ਵਿੱਚ ਮੌਕੇ ਤੇ ਜਾਕੇ ਆਪਣੀ ਪਹੁੰਚ ਮੁਤਾਬਿਕ ਮਦਦ ਕਰਨ ਦਾ ਫ਼ੈਸਲਾ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਆਗੂਆਂ ਚਰਨ ਸਿੰਘ ਸਰਾਭਾ, ਸੁਰਿੰਦਰ ਕੁਮਾਰ ਪੁਆਰੀ, ਜਗਦੀਸ਼ ਸਿੰਘ ਚਾਹਲ, ਗੁਰਮੇਲ ਸਿੰਘ ਮੈਲਡੇ, ਗੁਰਪ੍ਰੀਤ ਸਿੰਘ ਮੰਗਵਾਲ, ਪ੍ਰੇਮ ਚਾਵਲਾ, ਕਰਤਾਰ ਸਿੰਘ ਪਾਲ, ਨਵੀਨ ਸਚਦੇਵਾ, ਮਨਜੀਤ ਸਿੰਘ ਗਿੱਲ, ਪ੍ਰਵੀਨ ਕੁਮਾਰ, ਰਣਦੀਪ ਸਿੰਘ, ਅਮਰਜੀਤ ਕੌਰ, ਸੁਖਵਿੰਦਰ ਕੌਰ ਸੁੱਖੀ ਅਤੇ ਹਰਵਿੰਦਰ ਸ਼ਰਮਾ ਨੇ ਭਗਵੰਤ ਮਾਨ ਸਰਕਾਰ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰ ਮੰਗਾਂ ਪ੍ਰਤੀ ਧਾਰਨ ਕੀਤੀ ਗਈ ਨਾਂਹ ਪੱਖੀ ਪਹੁੰਚ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਸਰਕਾਰ ਨੂੰ ਪੰਜਾਬ ਵਿੱਚ ਹੁਣ ਤੱਕ ਦੀਆਂ ਸਰਕਾਰਾਂ ਵਿੱਚੋਂ ਸਭ ਤੋਂ ਮਾੜੀ ਸਰਕਾਰ ਕਰਾਰ ਦਿੱਤਾ।
ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸਮਾਂ ਕਦੇ ਵੀ ਮੁਆਫ਼ ਨਹੀਂ ਕਰੇਗਾ ਜਿਸ ਨੇ ਪੰਜਾਬ ਦੇ ਲੱਖਾਂ ਕੱਚੇ, ਠੇਕਾ ਆਧਾਰਤ, ਸਕੀਮ ਵਰਕਰ, ਆਊਟਸੋਰਸ ਮੁਲਾਜ਼ਮਾਂ ਅਤੇ ਰੈਗੂਲਰ ਮੁਲਾਜ਼ਮਾਂ ਤੋਂ ਇਲਾਵਾ ਪੈਨਸ਼ਨਰਾਂ ਨਾਲ ਆਪਣੇ ਚੋਣ ਵਾਅਦਿਆਂ ਵਿੱਚੋਂ ਕੀਤਾ ਗਿਆ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਠੰਢੇ ਬਸਤੇ ਪਾ ਦਿੱਤਾ ਹੈ ਜਿਸਨੂੰ ਲੈਕੇ ਸਮੁੱਚੇ ਮੁਲਾਜ਼ਮ ਅਤੇ ਪੈਨਸ਼ਨਰ ਗੁੱਸੇ ਵਿੱਚ ਹਨ।
ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਉਹ ਸਰਕਾਰ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਪ੍ਰੇਮ ਚੰਦ ਸ਼ਰਮਾ ਚੰਡੀਗੜ੍ਹ, ਨਛੱਤਰ ਸਿੰਘ ਭਾਣਾ, ਬਲਕਾਰ ਸਿੰਘ ਸਹੋਤਾ, ਸੋਮ ਨਾਥ ਅਰੋੜਾ ਫਰੀਦਕੋਟ ਵੀ ਹਾਜ਼ਰ ਸਨ।