ਸੈਂਟੀਨਲ ਇੰਟਰਨੈਸ਼ਨਲ ਸਕੂਲ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਧਾਰਮਿਕ ਉਤਸ਼ਾਹ ਅਤੇ ਸੱਭਿਆਚਾਰਕ ਢੰਗ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਸਾਰੇ ਲੜਕੇ ਅਤੇ ਲੜਕੀਆਂ ਨੇ ਉਤਸ਼ਾਹਪੂਰਨ ਹਿੱਸਾ ਲਿਆ। ਸ਼ੁਰਆਤ ਭਗਵਾਨ ਕ੍ਰਿਸ਼ਨ ਦੀ ਆਰਤੀ ਤੇ ਭਜਨ ਗਾਇਨ ਨਾਲ ਹੋਈ, ਜਿਸ ਨਾਲ ਸਾਰੇ ਸਕੂਲ ਵਿੱਚ ਭਗਤੀ ਭਾਵ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਸ੍ਰੀ ਕ੍ਰਿਸ਼ਨ ਦੇ ਜੀਵਨ-ਬਿਰਤਾਂਤ ’ਤੇ ਅਧਾਰਿਤ ਸੁੰਦਰ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ।
ਬੱਚਿਆਂ ਨੇ ਕ੍ਰਿਸ਼ਨ, ਰਾਧਾ ਅਤੇ ਗੋਪੀਆਂ ਦੇ ਰੂਪ ਧਾਰਨ ਕਰਦੇ ਹੋਏ, ਮੱਖਣ ਚੋਰੀ, ਬਾਂਸਰੀ ਵਜਾਉਣਾ, ਰਾਸਲੀਲਾ, ਕ੍ਰਿਸ਼ਨ-ਸੁਦਾਮਾ ਮਿਲਨ, ਕਾਲੀਆ ਅਤੇ ਕੰਸ ਦੇ ਦਮਨ ਵਰਗੇ ਪ੍ਰਸੰਗਾਂ ਨੂੰ ਰੰਗ-ਬਿਰੰਗੇ ਢੰਗ ਨਾਲ ਪੇਸ਼ ਕੀਤਾ। ਹਰ ਇੱਕ ਨ੍ਰਿਤ ਪ੍ਰਸਤੁਤੀ ਵਿੱਚ ਭਗਤੀ, ਖੁਸ਼ੀ ਅਤੇ ਕਲਾਤਮਕਤਾ ਦੀ ਛਾਪ ਸਾਫ਼ ਨਜ਼ਰ ਆਈ। ਡਾ. ਪੂਨਮ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਦਿਹਾੜੇ ਨਾ ਸਿਰਫ਼ ਬੱਚਿਆ ਨੂੰ ਆਪਣੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਦੇ ਹਨ, ਸਗੋਂ ਉਨ੍ਹਾਂ ਦੇ ਆਤਮ-ਵਿਸ਼ਵਾਸ, ਸਹਿਯੋਗੀ ਭਾਵਨਾ ਅਤੇ ਨੈਤਿਕ ਮੁਲਾਂ ਵਿੱਚ ਵੀ ਵਾਧਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜੀ ਲਈ ਭਗਵਾਨ ਕ੍ਰਿਸ਼ਨ ਦੇ ਜੀਵਨ ਸੁਤੱਰ, ਸੱਚ, ਧਰਮ, ਦਇਆ ਅਤੇ ਕਰਤੱਵ ਨਿਭਾਉਣਾ ਬਹੁਤ ਮੱਹਤਵ ਰੱਖਦੇ ਹਨ। ਐਮ. ਡੀ. ਅਮ੍ਰਿਤਪਾਲ ਢਿਲੋਂ ਨੇ ਪ੍ਰੋਗਰਾਮ ਦੀ ਸਰਾਹਨਾ ਕਰਦੇ ਹੋਏ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਦੇ ਤਿਉਹਾਰ ਦੀ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।