ਜਗਰਾਉਂ: ਵਿਵਾਦਾਂ ’ਚ ਘਿਰੀ ਕਲੋਨੀ ਵਿੱਚ ਕੰਮ ਬੰਦ ਕਰਵਾਇਆ
ਚਰਨਜੀਤ ਸਿੰਘ ਢਿੱਲੋਂ ਜਗਰਾਉਂ, 17 ਜਨਵਰੀ ਇੱਥੇ ਸੁਭਾਸ਼ ਗੇਟ ਨਜ਼ਦੀਕ ਲੰਬੇ ਸਮੇਂ ਤੋਂ ਵਿਵਾਦਾਂ ’ਚ ਘਿਰੀ ਕਲੋਨੀ ਵਿੱਚ ਅੱਜ ਭਰਤ ਪਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਪਲਾਟਾਂ ਦੀਆਂ ਨੀਹਾਂ ਕੱਢਣ ਦਾ ਕੰਮ ਵੀ ਕਰਵਾਇਆ ਜਾ ਰਿਹਾ ਸੀ ਕਿ ਇਸ...
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 17 ਜਨਵਰੀ
ਇੱਥੇ ਸੁਭਾਸ਼ ਗੇਟ ਨਜ਼ਦੀਕ ਲੰਬੇ ਸਮੇਂ ਤੋਂ ਵਿਵਾਦਾਂ ’ਚ ਘਿਰੀ ਕਲੋਨੀ ਵਿੱਚ ਅੱਜ ਭਰਤ ਪਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਪਲਾਟਾਂ ਦੀਆਂ ਨੀਹਾਂ ਕੱਢਣ ਦਾ ਕੰਮ ਵੀ ਕਰਵਾਇਆ ਜਾ ਰਿਹਾ ਸੀ ਕਿ ਇਸ ਦੀ ਭਿਣਕ ਲੱਗਣ ’ਤੇ ਨਗਰ ਕੌਂਸਲ ਅਮਲੇ ਦੀ ਟੀਮ ਨੇ ਕਲੋਨੀ ਵਿੱਚ ਦਸਤਕ ਦਿੱਤੀ ਅਤੇ ਕੰਮ ਬੰਦ ਕਰਵਾਇਆ। ਜਦੋਂ ਇਸ ਮਾਮਲੇ ਬਾਰੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ਰੰਧਾਵਾ ਕਲੋਨੀ ਦੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ ਤੇ ਜਾਂਚ ਉਪਰੰਤ ਜੋ ਵੀ ਸਾਹਮਣੇ ਆਵੇਗਾ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਕਲੋਨੀ ਦੀ ਮਨਜ਼ੂਰੀ ਬਾਰੇ ਮਾਮਲਾ ਸ਼ੱਕ ਦੇ ਘੇਰੇ ਵਿੱਚ ਹੈ। ਪ੍ਰਧਾਨ ਸ੍ਰੀ ਰਾਣਾ ਨੇ ਆਖਿਆ ਕਿ ਇਸ ਤੋਂ ਪਹਿਲਾਂ ਵੀ ਇਸ ਕਲੋਨੀ ਵਿੱਚ ਚੱਲਦਾ ਕੰਮ ਬੰਦ ਕਰਵਾਇਆ ਗਿਆ ਸੀ। ਉਨ੍ਹਾਂ ਆਖਿਆ ਕਿ ਕਲੋਨੀ ਦੇ ਨਕਸ਼ੇ ਦੀ ਮਨਜ਼ੂਰੀ ਅਤੇ ਇਸ ਨੂੰ ਮਨਜ਼ੂਰ ਕਰਨ ਵਿੱਚ ਨਗਰ ਕੌਂਸਲ ਨੂੰ ਕੀ ਲਾਭ ਹੋਇਆ, ਇਸ ਬਾਰੇ ਛਾਣਬੀਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਲੋਨਾਈਜ਼ਰਾਂ ਨੂੰ ਪ੍ਰਵਾਨਗੀ ਸਮੇਤ ਸਾਰੇ ਦਸਤਾਵੇਜ਼ ਪੇਸ਼ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਜੇਕਰ ਨਿਯਮਾਂ ਦੀ ਕਸਵੱਟੀ ਉਪਰ ਕਲੋਨੀ ਖਰੀ ਨਹੀਂ ਉਤਰਦੀ ਤਾਂ ਕੰਮ ਸ਼ੁਰੂ ਨਹੀਂ ਕਰਨ ਦਿੱਤਾ ਜਾਵੇਗਾ।
ਕਲੋਨੀ ਨਿਯਮਾਂ ਮੁਤਾਬਕ ਮਨਜੂਰਸ਼ੁਦਾ: ਕਲੋਨਾਈਜ਼ਰ
ਕਲੋਨਾਈਜ਼ਰ ਨੇ ਆਖਿਆ ਕਿ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ ਕਿ ਨਗਰ ਕੌਂਸਲ ਵਾਰ-ਵਾਰ ਕਲੋਨੀ ਵਿੱਚ ਚੱਲਦੇ ਕੰਮ ਵਿੱਚ ਰੁਕਾਵਟਾਂ ਕਿਉਂ ਪਾ ਰਹੀ ਹੈ, ਜਦਕਿ ਕਲੋਨੀ ਨਿਯਮਾਂ ਮੁਤਾਬਕ ਮਨਜੂਰਸ਼ੁਦਾ ਹੈ, ਜਿਸਦੇ ਸਾਰੇ ਦਸਤਾਵੇਜ਼ ਨਗਰ ਕੌਂਸਲ ਕੋਲ ਮੌਜੂਦ ਹਨ। ਨਗਰ ਕੌਂਸਲ ਆਪਣੇ ਕੋਲ ਪਏ ਦਸਤਾਵੇਜ਼ਾਂ ਦੀ ਜਾਂਚ ਕਰਨ ਦੀ ਥਾਂ ਵਾਰ-ਵਾਰ ਉਨ੍ਹਾਂ ਕੋਲੋਂ ਦਸਤਾਵੇਜ਼ਾਂ ਦੀ ਮੰਗ ਕਰ ਰਹੀ ਹੈ।