ਜਗਰਾਉਂ: ਦਸ ਦਿਨ ਪਹਿਲਾਂ ਬਣੀ ਸੜਕ ਮੁੜ ਪੁੱਟੀ
ਇੱਥੇ ਜਗਰਾਉਂ-ਰਾਏਕੋਟ ਸੜਕ ਇਸ ਦੇ ਬਣਨ ਦੇ ਦਸ ਦਿਨਾਂ ਬਾਅਦ ਹੀ ਦੁਬਾਰਾ ਪੁੱਟ ਕੇ ਟੈਕਸਾਂ ਦੇ ਰੂਪ ਵਿੱਚ ਜਮ੍ਹਾਂ ਕਰਵਾਉਣ ਵਾਲੇ ਆਮ ਲੋਕਾਂ ਦੀਆਂ ਜੇਬਾਂ ’ਤੇ ਬੋਝ ਪਾਇਆ ਜਾ ਰਿਹਾ ਹੈ। ਜਗਰਾਉਂ ਸ਼ਹਿਰ ਵਿੱਚ ਕੁੱਝ ਸਮਾਂ ਪਹਿਲਾਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਲੋਕਾਂ ਦੇ ਪੀਣ ਲਈ ਪਾਣੀ ਦੀ ਦਿੱਕਤ ਨੂੰ ਪੂਰਾ ਕਰਨ ਲਈ ਨਹਿਰੀ ਪੁਲ ਅਖਾੜਾ ਤੋਂ ਜਗਰਾਉਂ ਤੱਕ ਪਾਈਪਾਂ ਵਿਛਾਉਣ ਦਾ ਕੰਮ ਕੀਤਾ ਗਿਆ ਸੀ ਪਰ ਪਾਈਪਾਂ ਪਾਉਣ ਤੋਂ ਬਾਅਦ ਕਈ ਮਹੀਨੇ ਸਬੰਧਤ ਠੇਕੇਦਾਰ ਵੱਲੋਂ ਪਾਈਪਾਂ ਪਾਉਣ ਲਈ ਪੁੱਟੀ ਸੜਕ ਪੂਰੀ ਨਹੀਂ ਗਈ।
ਲੋਕਾਂ ਦੇ ਭਾਰੀ ਵਿਰੋਧ ਦੇ ਚੱਲਦਿਆਂ ਕਰੀਬ 10 ਦਿਨ ਪਹਿਲਾਂ ਸੜਕ ਦਾ ਕੰਮ ਮੁਕੰਮਲ ਕਰ ਦਿੱਤਾ ਗਿਆ ਸੀ ਪਰ ਬੀਤੇ ਕੱਲ੍ਹ ਪਾਈਪਾਂ ਵਾਲੇ ਠੇਕੇਦਾਰ ਵੱਲੋਂ ਬਣਾਈ ਸੜਕ ਇੱਕ ਨਿੱਜੀ ਗੈਸ ਕੰਪਨੀ ਦੇ ਕਾਮਿਆਂ ਵੱਲੋਂ ਦੁਬਾਰਾ ਪੁੱਟ ਦਿੱਤੀ ਗਈ ਹੈ। ਜਦੋਂ ਗੈਸ ਕੰਪਨੀ ਦੇ ਕਾਮਿਆਂ ਅਤੇ ਠੇਕੇਦਾਰ ਨਾਲ ਸੜਕ ਪੁੱਟਣ ਦੇ ਕਾਰਨ ਜਾਨਣ ਲਈ ਰਾਬਤਾ ਕੀਤਾ ਤਾਂ ਉਨ੍ਹਾਂ ਆਖਿਆ ਕਿ ਜਦੋਂ ਪਾਣੀ ਵਾਲੀਆਂ ਪਾਈਪਾਂ ਵਿਛਾਈਆਂ ਗਈਆਂ ਸਨ, ਉਦੋਂ ਉਸ ਕੰਪਨੀ ਦੇ ਕਾਮਿਆਂ ਨੇ ਹੇਠਾਂ ਵਿਛਾਈ ਗਈ ਗੈਸ ਪਾਈਪਲਾਈਨ ਤੋੜ ਦਿੱਤੀ ਜਿਸ ਨੂੰ ਠੀਕ ਕਰਨ ਲਈ ਸੜਕ ਪੁੱਟੀ ਗਈ ਹੈ। ਜਦੋਂ ਠੇਕੇਦਾਰ ਨੂੰ ਕਿਹਾ ਕਿ ਸੜਕ ਤਾਂ ਕਿੰਨਾ ਸਮਾਂ ਪੁੱਟੀ ਰਹੀ ਹੈ, ਉਸ ਸਮੇਂ ਮੁਰੰਮਤ ਕਿਉਂ ਨਹੀਂ ਕੀਤੀ ਗਈ ਤਾਂ ਉਹ ਕੋਈ ਤਸੱਲੀਬਖਸ਼ ਉੱਤਰ ਨਹੀਂ ਦੇ ਸਕਿਆ। ਤ੍ਰਾਸਦੀ ਇਹ ਹੈ ਕਿ ਲੋਕਾਂ ਦੇ ਹਿੱਤਾਂ ਲਈ ਦੁਹਾਈ ਦੇਣ ਵਾਲੀ ਕੋਈ ਸਿਆਸੀ ਪਾਰਟੀ ਅਤੇ ਕਿਸੇ ਵੀ ਅਫ਼ਸਰ ਨੇ ਗੈਸ ਕੰਪਨੀ ਦੇ ਕਾਮਿਆਂ ਅਤੇ ਠੇਕੇਦਾਰ ਨੂੰ ਅਜਿਹਾ ਕਰਨ ਤੋਂ ਨਹੀਂ ਰੋਕਿਆ। ਇਸ ਦੌਰਾਨ ਅੱਡਾ ਰਾਏਕੋਟ ਯੂਨੀਅਨ ਦੇ ਪ੍ਰਧਾਨ ਸੰਜੀਵ ਕੁਮਾਰ, ਨੰਬਰਦਾਰ ਧਨਵੰਤ ਸਿੰਘ, ਜਤਿੰਦਰ ਕੁਮਾਰ, ਸ੍ਰੀ ਰਾਮ, ਜਸਵੀਰ ਜੱਸੀ, ਕੋਮਲ ਸਿੰਘ ਅਤੇ ਪ੍ਰਧਾਨ ਜਗਜੀਤ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ਤੇ ਗੁੱਸਾ ਜ਼ਾਹਰ ਕਰਦਿਆਂ ਗੈਸ ਕੰਪਨੀ ’ਤੇ ਤੁਰੰਤ ਕਰਾਵਾਈ ਦੀ ਮੰਗ ਕੀਤੀ। ਆਗੂਆਂ ਦਾ ਕਹਿਣਾ ਹੈ ਕਿ ਇਹ ਸਭ ਕੁੱਝ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੀ ਲਾਪਰਵਾਹੀ ਦਾ ਨਤੀਜਾ ਹੈ ਜਿਸ ਨੂੰ ਆਮ ਲੋਕ ਭੁਗਤ ਰਹੇ ਹਨ। ਉਨ੍ਹਾਂ ਨਗਰ ਕੌਂਸਲ ਅਤੇ ਮੰਡਲ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਗੈਸ ਕੰਪਨੀ ਦੇ ਠੇਕੇਦਾਰ ’ਤੇ ਕਾਰਵਾਈ ਕੀਤੀ ਜਾਵੇ।
ਉਪ-ਮੰਡਲ ਮੈਜਿਸਟਰੇਟ ਕਰਨਦੀਪ ਸਿੰਘ ਨੇ ਆਖਿਆ ਕਿ ਉਹ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਇਸ ਮਸਲੇ ਬਾਰੇ ਗੱਲ ਕਰਨਗੇ।