ਜਗਰਾਉਂ: ਕੂੜੇ ਦਾ ਹੱਲ ਕੱਢਣ ਦੀ ਥਾਂ ਕੌਂਸਲਰ ’ਚ ਹੱਥੋਪਾਈ
ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਵਾਸੀ ਨਗਰ ਕੌਂਸਲ ਦੀਆਂ ਨਲਾਈਕੀਆਂ ਕਾਰਨ ਥਾਂ-ਥਾਂ ਲੱਗੇ ਕੂੱੜੇ ਦੇ ਢੇਰਾਂ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ। ਪਿਛਲੇ ਦਿਨੀ ਕੌਂਸਲਰਾਂ, ਨਗਰ ਸੁਧਾਰ ਸਭਾ, ਕੌਂਸਲ ਅਮਲਾ, ਹਲਕਾ ਵਿਧਾਇਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਹੋਈ ਮੀਟਿੰਗ ਤਾਹਨੇ-ਮਿਹਣਿਆਂ ਕਾਰਨ ਕਿਸੇ ਸਿੱਟੇ ’ਤੇ ਪਹੁੰਚਣ ਬਿਨਾਂ ਹੀ ਸਮਾਪਤ ਹੋ ਗਈ। ਮੁੜ ਹੋਈ ਮੀਟਿੰਗ ’ਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਤੀਸ਼ ਕੁਮਾਰ ਪੱਪੂ ਅਤੇ ਹਿਮਾਂਸ਼ੂ ਮਲਿਕ ਆਪਸ ਵਿੱਚ ਉਲਝ ਪਏ। ਦੋਵਾਂ ਨੇ ਇੱਕ ਦੂਸਰੇ ’ਤੇ ਦੂਸ਼ਣਬਾਜੀ ਕੀਤੀ ਤੇ ਹੱਥੋਪਾਈ ਮਗਰੋਂ ਹਸਪਤਾਲ ’ਚ ਭਰਤੀ ਹੋ ਗਏ। ਇਹ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਚੁੱਣੇ ਨੁੰਮਾਇੰਦੇ ਜਦੋਂ ਆਪਸ ਵਿੱਚ ਹੱਥੋਪਾਈ ਹੋਏ ਤਾਂ ਉੱਥੇ ਮੌਜੂਦ ਵਿਅਕਤੀਆਂ ਨੇ ਵੀਡੀਓਜ਼ ਵੀ ਬਣਾਈਆਂ।
ਮੌਕੇ ’ਤੇ ਥਾਣਾ ਸ਼ਹਿਰੀ ਦੀ ਪੁਲੀਸ ਵੀ ਪੁੱਜੀ ਅਤੇ ਸਥਿਤੀ ਕਾਬੂ ਹੇਠ ਕੀਤੀ। ਇਸ ਮੌਕੇ ਇੱਕ ਧੜਾ ਭਾਜਪਾ ਤੇ ਦੂਜਾ ਧੜਾ ਕਾਂਗਰਸੀਆਂ ਦਾ ਬਣ ਗਿਆ। ਸਤੀਸ਼ ਕੁਮਾਰ ਵਾਲੇ ਧੜੇ ਨੇ ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਨੂੰ ਮਿਲ ਕੇ ਢੁੱਕਵੀ ਕਾਰਵਾਈ ਦੀ ਮੰਗ ਕੀਤੀ। ਉਥੇ ਹੀ ਹਿਮਾਂਸ਼ੂ ਮਲਿਕ ਦੇ ਸਮਰਥਕਾਂ ਨੇ ਹਸਪਤਾਲ ਪਹੁੰਚ ਕੇ ਉਸ ਦਾ ਹਾਲ-ਚਾਲ ਜਾਣਿਆ। ਸ਼ਹਿਰ ਵਾਸੀਆਂ ਨੇ ਇਸ ਝੱਗੜੇ ’ਤੇ ਚਿੰਤਾ ਕਰਦਿਆਂ ਆਖਿਆ ਹੈ ਕਿ ਜੇਕਰ ਦੋਵੇਂ ਰਾਜਨੀਤਿਕ ਧੜ੍ਹੇ ਜਗਰਾਉਂ ਦਾ ਵਿਕਾਸ ਅਤੇ ਭਲਾ ਚਾਹੁੰਦੇ ਹਨ ਤਾਂ ਲੜਾਈ ਉਪਰੰਤ ਆਪਣੇ ਆਪਣੇ ਧੜ੍ਹੇ ਦੇ ਮੈਂਬਰਾਂ ਨੂੰ ਸਮਰਥਨ ਦੇਣ ਦੀ ਥਾਂ ਸ਼ਹਿਰ ’ਚ ਲੱਗੇ ਕੂੱੜੇ ਦੇ ਢੇਰਾਂ ਦਾ ਹੀ ਹੱਲ ਕੱਢ ਲੈਂਦੇ। ਉਨ੍ਹਾਂ ਕਿਹਾ ਕਿ ਇੱਕ ਦੂਸਰੇ ’ਤੇ ਲਗਾਏ ਜਾ ਰਹੇ ਦੋਸ਼ਾਂ ਨਾਲ ਕੁੱਝ ਸਮੇਂ ਲਈ ਸ਼ਹਿਰ ਵਾਸੀਆਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਇਆ ਜਾ ਸਕਦਾ ਹੈ ਪਰ ਲੰਬਾ ਸਮਾਂ ਨਹੀਂ। ਇਸ ਮੌਕੇ ਸ਼ਹਿਰ ਵਾਸੀ ਸਤੀਸ਼ ਕੁਮਾਰ, ਮਿੰਟੂ, ਅਮਨਦੀਪ ਸਿੰਘ, ਕੁਲਵਿੰਦਰ ਸਿੰਘ ਨੇ ਕੌਂਸਲਰਾਂ, ਨਗਰ ਕੌਂਸਲ ਦੀ ਟੀਮ, ਕਾਰਜਸਾਧਕ ਅਫਸਰ, ਉਪ ਮੰਡਲ ਮੈਜਿਸਟਰੇਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਮੱਸਿਆਵਾਂ ਨੂੰ ਮੁੱਦਾ ਬਣਾ ਕੇ ਇੱਕ ਦੂਜੇ ’ਤੇ ਦੂਸ਼ਣਬਾਜ਼ੀ ਕਰਨ ਦੀ ਥਾਂ ਲੋਕਾਂ ਦੀਆਂ ਦਿੱਕਤਾਂ ਦਾ ਹੱਲ ਕਰਨ ਵੱਲ ਧਿਆਨ ਕੇਂਦਰਿਤ ਕੀਤਾ ਜਾਵੇ।