ਜਗਰਾਉਂ ਕੌਂਸਲ ਦੀ ਮੀਟਿੰਗ ਚੜ੍ਹੀ ਰੌਲੇ ਦੀ ਭੇਟ
ਨਗਰ ਸੁਧਾਰ ਸਭਾ ਦੀ ਪਹਿਲਕਦਮੀ ’ਤੇ ਸ਼ਹਿਰ ਦੀਆਂ ਸਮੱਸਿਆਵਾਂ ਵਿਚਾਰਨ ਤੇ ਇਨ੍ਹਾਂ ਦਾ ਹੱਲ ਕੱਢਣ ਲਈ ਸਾਂਝੀ ਮੀਟਿੰਗ ਹੋਈ। ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਉਪ ਮੰਡਲ ਮੈਜਿਸਟਰੇਟ ਕਰਨਵੀਰ ਸਿੰਘ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਤੇ ਈਓ ਸੁਖਦੇਵ ਸਿੰਘ ਰੰਧਾਵਾ ਤੋਂ ਇਲਾਵਾ ਸਾਰੇ 23 ਕੌਂਸਲਰ ਤੇ ਮਹਿਲਾ ਕੌਂਸਲਰਾਂ ਦੇ ਪਤੀ ਸ਼ਾਮਲ ਹੋਏ। ਸਭਾ ਵੱਲੋਂ ਪ੍ਰਧਾਨ ਅਵਤਾਰ ਸਿੰਘ ਤੇ ਸਕੱਤਰ ਕੰਵਲਜੀਤ ਖੰਨਾ ਸਾਥੀਆਂ ਸਣੇ ਹਾਜ਼ਰ ਰਹੇ।
ਮੀਟਿੰਗ ਦਾ ਮੁੱਖ ਏਜੰਡਾ ਸ਼ਹਿਰ ਵਿੱਚ ਕੂੜੇ ਦੇ ਲੱਗੇ ਵੱਡੇ ਢੇਰ, ਕੂੜਾ ਸੁੱਟਣ ਲਈ ਥਾਂ ਨਾ ਹੋਣਾ ਅਤੇ ਰੁਕੇ ਹੋਏ ਵਿਕਾਸ ਕਾਰਜਾਂ ਦੇ ਅੜਿੱਕੇ ਦੂਰ ਕਰਨਾ ਸੀ। ਪਰ ਭਾਰੀ ਅਨੁਸ਼ਾਸਨਹੀਣਤਾਂ ਕਰਕੇ ਕੋਈ ਵੀ ਮੁੱਦਾ ਵਿਚਾਰਿਆ ਨਾ ਜਾ ਸਕਿਆ ਤੇ ਮੀਟਿੰਗ ਬੇਸਿੱਟਾ ਹੀ ਸਾਬਤ ਹੋਈ। ਮੀਟਿੰਗ ਦੌਰਾਨ ਸਰਵਜੀਤ ਕੌਰ ਮਾਣੂੰਕੇ ਨੇ ਸ਼ਹਿਰ ਵਿਚਲੀਆਂ ਨਾਜਾਇਜ਼ ਕਬਜ਼ੇ ਵਾਲੀਆਂ ਥਾਵਾਂ ਦੀ ਸੂਚੀ ਪੜ੍ਹੀ। ਨਾਲ ਹੀ ਉਨ੍ਹਾਂ ਕੂੜਾ ਸੁੱਟਣ ਲਈ ਹਰੇਕ ਵਾਰਡ ਵਿੱਚ ਢੱਕਣ ਵਾਲੇ ਡਰੰਮ ਰੱਖਣ ਅਤੇ ਰੋਜ਼ਾਨਾ ਇਨ੍ਹਾਂ ਨੂੰ ਚੁੱਕ ਕੇ ਸਾਫ ਡਰੰਮ ਰੱਖਣ ਦਾ ਸੁਝਾਅ ਦਿੱਤਾ। ਕਾਫੀ ਸਮੇਂ ਤੋਂ ਰੁਕੇ ਵਿਕਾਸ ਕਾਰਜਾਂ ਦਾ ਮੁੱਦਾ ਆਉਣ ’ਤੇ ਹੰਗਾਮਾ ਹੋਰ ਵੱਧ ਗਿਆ। ਦੋਵੇਂ ਧੜੇ ਇਕ ਦੂਜੇ ’ਤੇ ਵਿਕਾਸ ਵਿੱਚ ਅੜਿੱਕਾ ਹੋਣ ਦਾ ਦੋਸ਼ ਮੜ੍ਹਦੇ ਨਜ਼ਰ ਆਏ।
ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਤੇ ਕੌਂਸਲਰ ਹਿਮਾਂਸ਼ੂ ਮਲਿਕ ਨੇ ਕਾਫ਼ੀ ਤਲਖੀ ਨਾਲ ਦੂਜੇ ਧੜੇ ਦੇ ਕੌਂਸਲਰਾਂ ਨਾਲ ਤਿੱਖੀ ਬਹਿਸ ਕੀਤੀ। ਇਸ ਤਰ੍ਹਾਂ ਦੇ ਰੌਲੇ ਵਿੱਚ ਸਭਾ ਦੇ ਆਗੂਆਂ ਨੇ ਕਿਹਾ ਕਿ ਉਹ ਇਥੇ ਸ਼ਹਿਰ ਦੀਆਂ ਸਮੱਸਿਆਵਾਂ ਰੱਖਣ ’ਤੇ ਉਨ੍ਹਾਂ ਦਾ ਹੱਲ ਕਰਾਉਣ ਲਈ ਆਏ ਹਨ। ਇਹ ਹੰਗਾਮਾ ਨਗਰ ਕੌਂਸਲ ਆਪਣੀਆਂ ਮੀਟਿੰਗਾਂ ਲਈ ਬਚਾਅ ਕੇ ਰੱਖੇ। ਫੇਰ ਵੀ ਮਾਹੌਲ ਠੰਢਾ ਨਾ ਹੋਣ ’ਤੇ ਤਿੱਖੀ ਬਹਿਸ ਤੋਂ ਨਾਰਾਜ਼ ਹੋ ਕੇ ਨਗਰ ਸੁਧਾਰ ਸਭਾ ਦੇ ਆਗੂ ਨਾਅਰੇਬਾਜ਼ੀ ਕਰਦੇ ਹੋਏ ਮੀਟਿੰਗ ਦਾ ਬਾਈਕਾਟ ਕਰ ਗਏ। ਬਾਅਦ ਵਿੱਚ ਕੰਵਲਜੀਤ ਖੰਨਾ ਨੇ ਕਿਹਾ ਕਿ ਹਾਕਮ ਤੇ ਸਾਰੇ ਕੌਂਸਲਰ ਚਾਹੁੰਦੇ ਹੀ ਨਹੀਂ ਕਿ ਸ਼ਹਿਰ ਦਾ ਵਿਕਾਸ ਹੋਵੇ। ਉਨ੍ਹਾਂ ਜਲਦ ਹੀ ਨਗਰ ਕੌਂਸਲ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ।