ਜਗਰਾਉਂ ਦੇ ਅਕਾਲੀਆਂ ਵੱਲੋਂ ਹਾਈਵੇਅ ’ਤੇ ਧਰਨਾ
ਜਸਬੀਰ ਸ਼ੇਤਰਾ
ਮੁੱਲਾਂਪੁਰ ਦਾਖਾ, 2 ਜੁਲਾਈ
ਗ੍ਰਿਫ਼ਤਾਰ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਦੀ ਪੇਸ਼ੀ ਕਰਕੇ ਮੁਹਾਲੀ ਜਾ ਰਹੇ ਜਗਰਾਉਂ ਦੇ ਅਕਾਲੀ ਆਗੂਆਂ ਨੂੰ ਦਾਖਾ ਪੁਲੀਸ ਨੇ ਅੱਜ ਇਥੇ ਰੋਕ ਲਿਆ। ਡੀਐੱਸਪੀ ਵਰਿੰਦਰ ਸਿੰਘ ਖੋਸਾ ਸਣੇ ਹੋਰਨਾਂ ਪੁਲੀਸ ਅਧਿਕਾਰੀਆਂ ਨੇ ਨਾਕਾਬੰਦੀ ਕਰਕੇ ਅਕਾਲੀ ਆਗੂਆਂ ਦੀਆਂ ਜਾ ਰਹੀਆਂ ਗੱਡੀਆਂ ਰੋਕ ਲਈਆਂ। ਪੁਲੀਸ ਨੇ ਇਨ੍ਹਾਂ ਨੂੰ ਅੱਗੇ ਨਹੀਂ ਵਧਣ ਜਿਸ 'ਤੇ ਅਕਾਲੀ ਆਗੂ ਤਲਖੀ ਵਿੱਚ ਆ ਗਏ। ਇਨ੍ਹਾਂ ਆਗੂਆਂ ਦੀ ਪੁਲੀਸ ਨਾਲ ਕਾਫੀ ਬਹਿਸਬਾਜ਼ੀ ਹੋਈ ਜਿਸ ਮਗਰੋਂ ਮਾਮਲਾ ਧੱਕਾ-ਮੁੱਕੀ ਤਕ ਚਲਾ ਗਿਆ।
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸਾਬਕਾ ਵਿਧਾਇਕ ਤੇ ਹਲਕਾ ਜਗਰਾਉਂ ਦੇ ਇੰਚਾਰਜ ਐਸ.ਆਰ ਕਲੇਰ ਨਾਲ ਵੀ ਖਿੱਚਧੂਹ ਹੋਈ। ਇਸ ਮਗਰੋਂ ਰੋਹ ਵਿੱਚ ਆ ਕੇ ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਸਰਪ੍ਰੀਤ ਸਿੰਘ ਕਾਉਂਕੇ, ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਹੋਰ ਵਰਕਰਾਂ ਨਾਲ ਉਥੇ ਹੀ ਲੁਧਿਆਣਾ-ਫਿਰੋਜ਼ਪੁਰ ਕੌਮੀ ਸ਼ਾਹਰਾਹ 'ਤੇ ਧਰਨਾ ਦੇ ਕੇ ਬੈਠ ਗਏ। ਧਰਨਾ ਭਾਵੇਂ ਕੁਝ ਮਿੰਟ ਹੀ ਲੱਗਿਆ ਪਰ ਹਾਈਵੇਅ ਕਰਕੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ 'ਤੇ ਪੁਲੀਸ ਨੇ ਧਰਨੇ ’ਤੇ ਬੈਠੇ ਇਹ ਅਕਾਲੀ ਉਥੋਂ ਹਟਾ ਦਿੱਤੇ। ਇਸ ਤੋਂ ਪਹਿਲਾਂ ਇਨ੍ਹਾਂ ਅਕਾਲੀ ਆਗੂਆਂ ਦੀ ਪੁਲੀਸ ਨਾਲ ਇਕ ਘੰਟੇ ਦੇ ਕਰੀਬ ਬਹਿਸ ਤੇ ਜੱਦੋ-ਜਹਿਦ ਚੱਲੀ। ਬਾਅਦ ਵਿੱਚ ਇਨ੍ਹਾਂ ਨੂੰ ਹਿਰਾਸਤ ਵਿੱਚ ਲੈ ਗਿਆ ਅਤੇ ਕੁਝ ਦੇਰ ਬਾਅਦ ਛੱਡ ਦਿੱਤਾ ਗਿਆ। ਇਸ ਤੋਂ ਪਹਿਲਾਂ ਪੁਲੀਸ ਦੀ ਇਸ ਕਾਰਵਾਈ ਨੂੰ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਕਰਾਰ ਦਿੰਦਿਆਂ ਇਨ੍ਹਾਂ ਆਗੂਆਂ ਨੇ ਜ਼ੋਰਦਾਰ ਵਿਰੋਧ ਸ਼ੁਰੂ ਕਰ ਦਿੱਤਾ। ਸਾਬਕਾ ਵਿਧਾਇਕ ਐਸ.ਆਰ ਕਲੇਰ ਤੇ ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ ਸਣੇ ਹੋਰਨਾਂ ਅਕਾਲੀ ਆਗੂਆਂ ਦੀ ਡੀਐਸਪੀ ਖੋਸਾ ਤੋਂ ਇਲਾਵਾ ਡੀਐਸਪੀ (ਡੀ) ਗੋਪਾਲ ਕ੍ਰਿਸ਼ਨ ਤੇ ਥਾਣਾ ਮੁਖੀ ਹਮਰਾਜ ਸਿੰਘ ਚੀਮਾ ਨਾਲ ਤਿੱਖੀ ਬਹਿਸ ਹੋਈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜਮਹੂਰੀ ਹੱਕਾਂ ਨੂੰ ਇਓਂ ਜਬਰਨ ਦਬਾਇਆ ਨਹੀਂ ਜਾ ਸਕਦਾ। ਪੁਲੀਸ ਪ੍ਰਸ਼ਾਸਨ ਨੂੰ ਸੰਵਿਧਾਨਕ ਨਿਯਮਾਂ ਅਨੁਸਾਰ ਕੰਮ ਕਰਨਾ ਚਾਹੀਦਾ ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ।
ਸ਼੍ਰੋਮਣੀ ਕਮੇਟੀ ਮੈਂਬਰ ਘਰ ਵਿੱਚ ਨਜ਼ਰਬੰਦ
ਜਗਰਾਉਂ: ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਜ਼ਿਲ੍ਹਾ ਜਥੇਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਅੱਜ ਘਰ ਵਿੱਚ ਹੀ ਨਜ਼ਰਬੰਦ ਕੀਤਾ ਗਿਆ। ਉਹ ਜਿਵੇਂ ਹੀ ਤਿਆਰ ਹੋ ਕੇ ਹੋਰ ਸਾਥੀਆਂ ਨਾਲ ਮੁਹਾਲੀ ਜਾਣ ਲੱਗੇ ਤਾਂ ਪੁਲੀਸ ਨੇ ਦਰਵਾਜ਼ੇ ’ਤੇ ਦਸਤਕ ਦੇ ਦਿੱਤੀ। ਮਗਰੋਂ ਉਨ੍ਹਾਂ ਨੂੰ ਪੁਲੀਸ ਨੇ ਘਰੋਂ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਕਈ ਘੰਟੇ ਤਕ ਪੁਲੀਸ ਕਰਮਚਾਰੀ ਉਨ੍ਹਾਂ ਦੇ ਨਾਲ ਹੀ ਘਰ ਵਿੱਚ ਮੌਜੂਦ ਰਹੇ।