ਜਗਰਾਉਂ: ਕਾਂਗਰਸੀ ਤੇ ਭਾਜਪਾ ਕੌਂਸਲਰਾਂ ਵਿਚਕਾਰ ਰਾਜ਼ੀਨਾਮਾ
ਕਾਂਗਰਸ ਨਾਲ ਸਬੰਧਤ ਨੌਜਵਾਨ ਕੌਂਸਲਰ ਅਤੇ ਵਕੀਲ ਹਿਮਾਂਸ਼ੂ ਮਲਿਕ ਤੇ ਭਾਜਪਾ ਦੇ ਕੌਂਸਲਰ ਸਤੀਪ ਪੱਪੂ ਵਿਚਕਾਰ ਅੱਜ ਰਾਜ਼ੀਨਾਮਾ ਹੋ ਗਿਆ ਹੈ, ਜਿਸ ਮਗਰੋਂ ਬਾਰ ਐਸੋਸੀਏਸ਼ਨ ਦੀ ਛੇ ਦਿਨਾਂ ਤੋਂ ਚੱਲ ਰਹੀ ਹੜਤਾਲ ਵੀ ਅੱਜ ਖ਼ਤਮ ਹੋ ਗਈ ਹੈ। ਡੀਐਸਪੀ ਸਿਟੀ ਜਸਜਯੋਤਸਿੰਘ ਦੇ ਦਫ਼ਤਰ ਵਿੱਚ ਬੈਠ ਕੇ ਦੋਵੇਂ ਧਿਰਾਂ ਵਿਚਕਾਰ ਇਹ ਰਾਜ਼ੀਨਾਮਾ ਸਿਰੇ ਚੜ੍ਹਿਆ। ਸਮਝੌਤੇ ਤਹਿਤ ਹੁਣ ਸੋਮਵਾਰ ਨੂੰ ਪਰਚਾ ਰੱਦ ਕਰਨ ਦੀ ਅਰਜ਼ੀ ਅਦਾਲਤ ਵਿੱਚ ਲਾਈ ਜਾਵੇਗੀ। ਕਰੀਬ ਦੋ ਮਹੀਨੇ ਪਹਿਲਾਂ ਸਥਾਨਕ ਨਗਰ ਕੌਂਸਲ ਦੀ ਮਹੀਨਾਵਾਰ ਮੀਟਿੰਗ ਦੌਰਾਨ ਇਨ੍ਹਾਂ ਦੋਹਾਂ ਕੌਂਸਲਰਾਂ ਵਿਚਕਾਰ ਤਕਰਾਰ ਹੋਈ ਸੀ ਤੇ ਗੱਲ ਹੱਥੋਪਾਈ ਤਕ ਜਾ ਪਹੁੰਚੀ ਸੀ। ਇਸ ਸਬੰਧ ਵਿੱਚ ਬੀਤੇ ਦਿਨੀਂ ਕੌਂਸਲਰ ਮਲਿਕ ਖ਼ਿਲਾਫ਼ ਕੇਸ ਦਰਜ ਹੋਇਆ ਸੀ ਜਿਸ ਨੂੰ ਰੱਦ ਕਰਵਾਉਣ ਲਈ ਬਾਰ ਐਸੋਸੀਏਸ਼ਨ ਜਗਰਾਉਂ ਵੱਲੋਂ ਹੜਤਾਲ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਇਸ ਹੜਤਾਲ ਨੂੰ ਜ਼ਿਲ੍ਹਾ ਪੱਧਰ ’ਤੇ ਲਿਜਾਣ ਦੀ ਗੱਲ ਆਖੀ ਗਈ ਸੀ ਪਰ ਉਸ ਤੋਂ ਪਹਿਲਾਂ ਹੀ ਅੱਜ ਦੋਵੇਂ ਧਿਰਾਂ ਵਿਚਾਲੇ ਸਮਝੌਤਾ ਸਿਰੇ ਚੜ੍ਹ ਗਿਆ।
ਡੀਐੱਸਪੀ ਜਸਜਯੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਰਾਜ਼ੀਨਾਮਾ ਹੋਣ ਸਮੇਂ ਬਾਰ ਐਸੋਸੀਏਸ਼ਨ ਲੁਧਿਆਣਾ ਤੋਂ ਪ੍ਰਧਾਨ ਵਿਪਨ ਸੱਗੜ ਤੋਂ ਇਲਾਵਾ ਸਥਾਨਕ ਐਡਵੋਕੇਟ ਨਵੀਨ ਗੁਪਤਾ, ਸੁਰਿੰਦਰਪਾਲ ਸਿੰਘ ਗਿੰਦਰਾ, ਸੰਦੀਪ ਗੁਪਤਾ, ਤਰੁਣ ਮਲਹੋਤਰਾ ਵੀ ਹਾਜ਼ਰ ਸਨ। ਇਸ ਸਮਝੌਤੇ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਪੱਖ ਭਵਿੱਖ ਵਿੱਚ ਕੋਈ ਰੰਜਿਸ਼ ਨਹੀਂ ਰੱਖਣਗੇ ਤੇ ਅਦਾਲਤ ਵਿੱਚ ਮਾਮਲਾ ਰੱਦ ਕਰਵਾਉਣ ਵਿੱਚ ਸਹਿਯੋਗ ਦੇਣਗੇ।