ਸਨਅਤੀ ਸ਼ਹਿਰ ਲੁਧਿਆਣਾ ਵਿੱਚ ਐਤਵਾਰ ਸਾਰਾ ਦਿਨ ਪਏ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਵੱਡੀ ਰਾਹਤ ਦਿਵਾਈ ਹੈ ਉੱਥੇ ਨੀਵੀਆਂ ਸੜਕਾਂ ਅਤੇ ’ਤੇ ਪਏ ਟੋਇਆਂ ਵਿੱਚ ਖੜ੍ਹੇ ਪਾਣੀ ਨੇ ਰਾਹਗੀਰਾਂ ਦੀ ਪ੍ਰੇਸ਼ਾਨੀ ਵਿੱਚ ਵਾਧਾ ਕੀਤਾ। ਉੱਧਰ ਮੌਸਮ ਮਾਹਿਰਾਂ ਨੇ 25 ਅਗਸਤ ਤੱਕ ਸੰਘਣੀ ਬੱਦਲਵਾਈ ਅਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੋਈ ਹੈ।
ਲੁਧਿਆਣਾ ਵਿੱਚ ਪਿਛਲੇ ਕਈ ਦਿਨਾਂ ਤੋਂ ਥੋੜ੍ਹੀ ਜਿਹੀ ਬੱਦਲਵਾਈ ਤੋਂ ਬਾਅਦ ਵੱਖ-ਵੱਖ ਇਲਾਕਿਆਂ ਵਿੱਚ ਮੀਂਹ ਪੈਂਦਾ ਆ ਰਿਹਾ ਹੈ। ਇਸ ਕਾਰਨ ਲੁਧਿਆਣਾ ਸ਼ਹਿਰ ਵਿੱਚ ਹੁੰਮਸ ਅਤੇ ਗਰਮੀ ਵਾਲਾ ਮੌਸਮ ਬਣਿਆ ਹੋਇਆ ਸੀ। ਐਤਵਾਰ ਸਵੇਰ ਸਮੇਂ ਤੋਂ ਹੀ ਛਾਈ ਸੰਘਣੀ ਬੱਦਲਵਾਈ ਨੇ ਲੁਧਿਆਣਵੀਆਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ। ਦੁਪਹਿਰ ਗਿਆਰਾਂ ਵਜੇ ਦੇ ਕਰੀਬ ਤੇਜ਼ ਹਵਾ ਚੱਲਣ ਤੋਂ ਬਾਅਦ ਮੀਂਹ ਸ਼ੁਰੂ ਹੋ ਗਿਆ। ਭਾਵੇਂ ਕਿ ਇਹ ਮੀਂਹ ਰੁਕ-ਰੁਕ ਕੇ ਪੈ ਰਿਹਾ ਸੀ ਪਰ ਇਸ ਮੀਂਹ ਨਾਲ ਤਾਪਮਾਨ ਵਿੱਚ ਵੱਡੀ ਕਮੀ ਦੇਖਣ ਨੂੰ ਮਿਲੀ ਹੈ। ਦੁਪਹਿਰੋਂ ਬਾਅਦ ਦੇਰ ਸ਼ਾਮ ਤੱਕ ਪਏ ਤੇਜ ਮੀਂਹ ਨਾਲ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਤੱਕ ਕਮੀ ਆ ਗਈ। ਅੱਜ ਸਵੇਰੇ ਜਿਹੜਾ ਤਾਪਮਾਨ 29 ਡਿਗਰੀ ਸੈਲਸੀਅਸ ਸੀ, ਉਹ ਬਾਅਦ ਵਿੱਚ ਘੱਟ ਕੇ 25-26 ਡਿਗਰੀ ਸੈਲਸੀਅਸ ਤੱਕ ਰਹਿ ਗਿਆ। ਇਸ ਮੀਂਹ ਕਾਰਨ ਸ਼ਹਿਰ ਦੀਆਂ ਨੀਵੀਆਂ ਸੜਕਾਂ ਜਿਨ੍ਹਾਂ ’ਚ ਸਮਰਾਲਾ ਚੌਂਕ, ਟਿੱਬਾ ਰੋਡ, ਤਾਜਪੁਰ ਰੋਡ, ਸ਼ਿੰਗਾਰ ਸਿਨੇਮਾ ਰੋਡ, ਬਾਬਾ ਥਾਨ ਸਿੰਘ ਚੌਂਕ, ਟ੍ਰਾਂਸਪੋਰਟ ਨਗਰ, ਫੌਕਲ ਪੁਆਇੰਟ ਆਦਿ ਇਲਾਕੇ ਸ਼ਾਮਿਲ ਹਨ, ’ਤੇ ਪਾਣੀ ਖੜ੍ਹਾ ਹੋ ਗਿਆ। ਇਸ ਦੌਰਾਨ ਸੜਕਾਂ ’ਤੇ ਪਏ ਡੂੰਘੇ ਅਤੇ ਵੱਡੇ ਟੋਏ ਪਾਣੀ ਨਾਲ ਭਰ ਗਏ ਜਿਸ ਕਰਕੇ ਰਾਹਗੀਰਾਂ ਨੂੰ ਆਪਣੀ ਮੰਜਿਲ ਵੱਲ ਜਾਣ ਵਿੱਚ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਰੇਲਵੇ ਸਟੇਸ਼ਨ ’ਤੇ ਵੀ ਲੋਕ ਮੀਂਹ ਤੋਂ ਬਚਾਅ ਲਈ ਸੁਰੱਖਿਅਤ ਥਾਵਾਂ ਭਾਲਦੇ ਰਹੇ। ਉੱਧਰ ਲੋਕਾਂ ਦਾ ਮੰਨਣਾ ਹੈ ਕਿ ਦੇਸੀ ਮਹੀਨੇ ‘ਭਾਦੋਂ’ ਵਿੱਚ ਲਗਾਤਾਰ ਮੀਂਹ ਦੀ ਥਾਂ ਛਰਾਟੇ ਹੀ ਪੈਂਦੇ ਹਨ ਪਰ ਅੱਜ ਦੇ ਮੀਂਹ ਨੇ ਲੋਕਾਂ ਦੀ ਇਸ ਰਾਏ ਨੂੰ ਵੀ ਝੁਠਲਾ ਕੇ ਰੱਖ ਦਿੱਤਾ ਹੈ। ਜੇਕਰ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਵੱਲੋਂ 22 ਤੋਂ 25 ਅਗਸਤ ਤੱਕ ਸੰਘਣੀ ਬੱਦਲਵਾਈ ਅਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਸੀ।