ਗੁਰੂ ਸਾਹਿਬ ਦੇ ਜੀਵਨ ਫਲਸਫੇ ਬਾਰੇ ਜਾਣੂ ਕਰਵਾਉਣਾ ਬਹੁਤ ਜ਼ਰੂਰੀ: ਗੋਸਲ
ਪੀ ਏ ਯੂ ’ਚ ਗੁਰੂ ਤੇਗ ਬਹਾਦਰ ਦੇ ਜੀਵਨ ਤੇ ਸਿਖਿਆਵਾਂ ਬਾਰੇ ਸੈਮੀਨਾਰ
ਪੀ ਏ ਯੂ ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੀ ਏ ਯੂ ਵਿੰਗ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਅਤੇ ਉਨ੍ਹਾਂ ਦੇ ਆਦਰਸ਼ ਜੀਵਨ ਦੇ ਨਾਲ-ਨਾਲ ਸਿਖਿਆਵਾਂ ਬਾਰੇ ਵੀ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਗਈ।
ਸੈਮੀਨਾਰ ਦੀ ਪ੍ਰਧਾਨਗੀ ਪੀ ਏ ਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਅਤੇ ਰਾਸ਼ਟਰੀ ਏਕਤਾ ਲਈ ਮਿਸਾਲ ਦੇ ਰੂਪ ਵਿਚ ਗੁਰੂ ਸਾਹਿਬ ਦੇ ਜੀਵਨ ਫਲਸਫੇ ਬਾਰੇ ਆਉਂਦੀਆਂ ਪੀੜੀਆਂ ਨੂੰ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਸਮਾਗਮ ਵਿਚ ਮੁੱਖ ਬੁਲਾਰੇ ਵਜੋਂ ਅੰਮ੍ਰਿਤਸਰ ਦੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਸ਼ਾਮਿਲ ਹੋਏ। ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀਆਂ ਜੀਵਨ ਘਟਨਾਵਾਂ ਅਤੇ ਸਿੱਖ ਚਿੰਤਨ ਨਾਲ ਉਨ੍ਹਾਂ ਸੰਬੰਧਾਂ ਦੀ ਗੱਲ ਕਰਦਿਆਂ ਸਰੋਤਿਆਂ ਨੂੰ ਬੜੀਆਂ ਮੁੱਲਵਾਨ ਗੱਲਾਂ ਦੱਸੀਆਂ। ਇਸਦੇ ਨਾਲ ਹੀ ਉਨ੍ਹਾਂ ਨੇ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਹਵਾਲੇ ਦੇ ਕੇ ਉਨ੍ਹਾਂ ਦੇ ਜੀਵਨ ਫਲਸਫੇ ਨੂੰ ਸਾਂਝਾ ਕੀਤਾ ਅਤੇ ਸੱਚ ਦੇ ਰਾਹ ’ਤੇ ਤੁਰਨ ਦੀ ਪ੍ਰੇਰਨਾ ਵਜੋਂ ਧਾਰਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਸੈਮੀਨਾਰ ਵਿੱਚ ਸ਼ਾਮਿਲ ਹੋਣ ਲਈ ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੀ ਏ ਯੂ ਯੂਨਿਟ ਦੇ ਪ੍ਰਧਾਨ ਡਾ. ਬੂਟਾ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਗੁਰੂ ਸਾਹਿਬ ਦੇ ਸ਼ਬਦ ਦਾ ਗਾਇਨ ਕੀਤਾ। ਇਸ ਮੌਕੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਸਹਿਯੋਗੀ ਨਿਰਦੇਸ਼ਕ ਸੱਭਿਆਚਾਰ ਡਾ. ਰੁਪਿੰਦਰ ਤੂਰ ਸਣੇ ਕਈ ਅਧਿਕਾਰੀ ਮੌਜੂਦ ਸਨ। ਸਮਾਰੋਹ ਦਾ ਸੰਚਾਲਨ ਡਾ. ਆਸ਼ੂ ਤੂਰ ਨੇ ਕੀਤਾ।

