ਖੇਤੀ ’ਚ ਵੰਨ-ਸੁਵੰਨਤਾ ਲਿਆਉਣੀ ਜ਼ਰੂਰੀ: ਚੌਹਾਨ
ਕੇਂਦਰੀ ਮੰਤਰੀ ਨੇ ਭਾਰਤੀ ਮੱਕੀ ਖੋਜ ਸੰਸਥਾ ਲੁਧਿਆਣਾ ਵਿੱਚ ਪ੍ਰਬੰਧਕੀ ਭਵਨ ਦਾ ਉਦਘਾਟਨ ਕੀਤਾ
ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈ ਸੀ ਏ ਆਰ) ਦੇ ਭਾਰਤੀ ਮੱਕੀ ਖੋਜ ਸੰਸਥਾਨ (ਆਈ ਆਈ ਐੱਮ ਆਰ) ਲੁਧਿਆਣਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸ੍ਰੀ ਚੌਹਾਨ ਨੇ ਕਿਹਾ ਕਿ ਕਣਕ ਅਤੇ ਚੌਲਾਂ ਦੀ ਖੇਤੀ ਪੱਖੋਂ ਅਸੀਂ ਪੂਰੀ ਤਰ੍ਹਾਂ ਆਤਮ-ਨਿਰਭਰ ਹਾਂ ਪਰ ਖੇਤੀ ਵਿੱਚ ਵੰਨ- ਸੁਵੰਨਤਾ ਲਿਆਉਣੀ ਬਹੁਤ ਜ਼ਰੂਰੀ ਹੈ। ਕਣਕ ਅਤੇ ਝੋਨੇ ਤੋਂ ਬਾਅਦ ਤੀਜੀ ਸਭ ਤੋਂ ਵੱਡੀ ਫ਼ਸਲ ਮੱਕੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਦਾ ਮੁਕਾਬਲਾ ਸਿਰਫ਼ ਮੱਕੀ ਹੀ ਕਰ ਸਕਦੀ ਹੈ ਇਸ ਨਾਲ ਪਾਣੀ ਵੀ ਬਚੇਗਾ ਅਤੇ ਕਿਸਾਨਾਂ ਨੂੰ ਜ਼ਿਆਦਾ ਮੁਨਾਫ਼ਾ ਹੋਵੇਗਾ। ਇਸ ਤਹਿਤ ਮੱਕੀ ਖੋਜ ਸੰਸਥਾਨ ਬਹੁਤ ਮਹੱਤਵਪੂਰਨ ਹੈ।
ਇਸ ਦੌਰਾਨ ਕੇਂਦਰੀ ਮੰਤਰੀ ਵੱਲੋਂ ਜਿੱਥੇ ਸੰਸਥਾਨ ਦੇ ਨਵੇਂ ਬਣੇ ਪ੍ਰਬੰਧਕੀ ਭਵਨ ਦਾ ਉਦਘਾਟਨ ਕੀਤਾ ਗਿਆ, ਉੱਥੇ ਮੱਕੀ ਹਿਤਧਾਰਕਾਂ, ਕਿਸਾਨਾਂ, ਗ੍ਰਾਮੀਣ ਵਿਕਾਸ ਯੋਜਨਾਵਾਂ ਦੇ ਲਾਭਪਾਤਰੀਆਂ ਅਤੇ ਮਹਿਲਾ ਸਵੈ-ਸਹਾਇਤਾ ਸਮੂਹਾਂ ਦੀਆਂ ਬੀਬੀਆਂ ਨਾਲ ਵੀ ਗੱਲਬਾਤ ਕੀਤੀ ਗਈ। ਇਸ ਮੌਕੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਭਾਗੀਰਥ ਚੌਧਰੀ, ਕੇਂਦਰੀ ਰੇਲਵੇ ਅਤੇ ਫੂਡ ਪ੍ਰਾਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਸਨ।
ਸ੍ਰੀ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਦੀ ਸਹਾਇਤਾ ਲਈ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਐੱਮ ਆਈ ਡੀ ਐੱਚ ਸਕੀਮ ਰਾਹੀਂ ਬਾਗ਼ਬਾਨੀ ਖੇਤਰ ਵਿੱਚ ਹੋਏ ਨੁਕਸਾਨ ਦੀ ਭਰਪਾਈ ਲਈ ਵੀ ਸਹਾਇਤਾ ਭੇਜੀ ਜਾਵੇਗੀ।