ਅੰਤਰ ਜ਼ਿਲ੍ਹਾ ਸਕੂਲ ਖੇਡਾਂ: ਖੋ-ਖੋ ਵਿੱਚ ਮਾਨਸਾ ਨੇ ਫਤਿਹਗੜ੍ਹ ਸਾਹਿਬ ਨੂੰ ਹਰਾਇਆ
22 ਜ਼ਿਲ੍ਹਿਅਾਂ ਦੇ 250 ਤੋਂ ਵੱਧ ਵਿਦਿਆਰਥੀਆਂ ਤੇ ਕੋਚਾਂ ਨੇ ਹਿੱਸਾ ਲਿਅਾ
ਇਥੇ 69ਵਿਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ-2025 ਲੁਧਿਆਣਾ ਦੇ ਅੰਤਰਗਤ ਅੱਜ ਲੜਕੇ ਅੰਡਰ-17 ਵਰਗ ਦੇ ਖੋ-ਖੋ ਮੁਕਾਬਲੇ ਐੱਸ ਓ ਈ ਸਕੂਲ ਜਵਾਹਰ ਨਗਰ ਵਿੱਚ ਸ਼ੁਰੂ ਹੋ ਗਏ। ਇਸ ਵਿੱਚ 22 ਜ਼ਿਲ੍ਹਿਆਂ ਦੇ 250 ਤੋਂ ਵੱਧ ਵਿਦਿਆਰਥੀਆਂ ਤੇ ਕੋਚਾਂ ਨੇ ਹਿੱਸਾ ਲਿਆ। ਅੱਜ ਖੇਡੇ ਗਏ ਮੈਚਾਂ ਵਿੱਚ ਮਾਨਸਾ ਨੇ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 13-2 ਦੇ ਸਕੋਰ ਨਾਲ, ਸੰਗਰੂਰ ਜ਼ਿਲ੍ਹੇ ਦੀ ਟੀਮ ਨੇ ਰੂਪਨਗਰ ਦੀ ਟੀਮ ਨੂੰ 9-4 ਨਾਲ, ਮੁਕਤਸਰ ਸਾਹਿਬ ਦੀ ਟੀਮ ਨੇ ਤਰਨ ਤਾਰਨ ਨੂੰ 10-2 ਨਾਲ, ਜਲੰਧਰ ਜ਼ਿਲ੍ਹੇ ਦੀ ਟੀਮ ਨੇ ਗੁਰਦਾਸਪੁਰ ਨੂੰ 12- 1 ਨਾਲ, ਬਠਿੰਡਾ ਜ਼ਿਲ੍ਹੇ ਦੀ ਟੀਮ ਨੇ ਹੁਸ਼ਿਆਰਪੁਰ ਦੀ ਟੀਮ ਨੂੰ 9-4 ਨਾਲ, ਕਪੂਰਥਲਾ ਦੀ ਟੀਮ ਨੇ ਫਿਰੋਜ਼ਪੁਰ ਜ਼ਿਲੇ ਨੂੰ 4-0 ਨਾਲ, ਫਾਜ਼ਿਲਕਾ ਦੀ ਟੀਮ ਨੇ ਫਰੀਦਕੋਟ ਨੂੰ 11-2 ਨਾਲ , ਮੋਗਾ ਦੀ ਟੀਮ ਨੇ ਪਠਾਨਕੋਟ ਨੂੰ 13-2 ਨਾਲ, ਪਟਿਆਲਾ ਦੀ ਟੀਮ ਨੇ ਮਲੇਰਕੋਟਲਾ ਦੀ ਟੀਮ ਨੂੰ 11-2 ਨਾਲ ਅਤੇ ਤੇ ਬਰਨਾਲਾ ਦੀ ਟੀਮ ਨੇ ਅੰਮ੍ਰਿਤਸਰ ਦੀ ਟੀਮ ਨੂੰ 12-2 ਨਾਲ ਹਰਾਇਆ।
ਇਸੇ ਤਰ੍ਹਾਂ ਅੰਡਰ 19 ਵਰਗ ’ਚ ਚੈੱਸ ਲੜਕੇ ਤੇ ਲੜਕੀਆਂ ਅੰਤਰ ਜ਼ਿਲ੍ਹਾ ਮੁਕਾਬਲੇ ਸੈਕਰੇਟ ਸੋਲ ਕੋਨਵੈਂਟ ਸਕੂਲ ਧਾਂਦਰਾ ਵਿੱਚ ਅੱਜ ਤੋਂ ਸ਼ੁਰੂ ਹੋਏ ਜਿਸ ਵਿੱਚ ਪੂਰੇ ਪੰਜਾਬ ਭਰ ’ਚੋਂ 240 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਅੱਜ ਕੁੜੀਆਂ ਦੇ ਮੁਕਾਬਲਿਆਂ ਵਿੱਚ ਪਹਿਲੇ ਦੋ ਰਾਊਂਡ ਖਤਮ ਹੋਣ ਤੋਂ ਬਾਅਦ ਪਟਿਆਲਾ ਜ਼ਿਲ੍ਹਾ ਪਹਿਲੇ, ਫਰੀਦਕੋਟ ਦੂਜੇ, ਐੱਸ ਏ ਐੱਸ ਨਗਰ ਤੀਜੇ, ਅੰਮ੍ਰਿਤਸਰ ਚੌਥੇ, ਜਲੰਧਰ ਪੰਜਵੇਂ, ਸੰਗਰੂਰ ਛੇਵੇਂ, ਫਾਜ਼ਿਲਕਾ ਸੱਤਵੇਂ, ਬਠਿੰਡਾ ਅੱਠਵੇਂ, ਫਤਿਹਗੜ੍ਹ ਸਾਹਿਬ ਨੌਵੇਂ ਅਤੇ ਹੁਸ਼ਿਆਰਪੁਰ ਜ਼ਿਲ੍ਹਾ ਦਸਵੇਂ ਨੰਬਰ ’ਤੇ ਸੀ।

