ਅੰਤਰ ਜ਼ਿਲ੍ਹਾ ਸਕੂਲ ਖੇਡਾਂ: ਲਾਅਨ ਟੈਨਿਸ ਦਾ ਫਾਈਨਲ ਅੰਮ੍ਰਿਤਸਰ ਦੀ ਟੀਮ ਨੇ ਜਿੱਤਿਆ
69ਵੀਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ 2025-26 ਦੇ ਅੰਤਰਗਤ ਹਾਰਵੈਸਟ ਟੈਨਿਸ ਅਕੈਡਮੀ ਜੱਸੋਵਾਲ ਕੁਲਾਰ ਵਿੱਚ ਚੱਲ ਰਹੇ ਲਾਅਨ ਟੈਨਿਸ ਦੇ ਮੁਕਾਬਲਿਆਂ ਦੇ ਵਿੱਚ ਅੱਜ ਮੁੰਡਿਆਂ ਦੇ ਵਰਗ ਵਿੱਚ ਫਾਈਨਲ ਮੁਕਾਬਲੇ ਖੇਡੇ ਗਏ। ਲੜਕਿਆਂ ਦੇ ਅੰਡਰ-17 ਵਰਗ ਵਿੱਚ ਅੰਮ੍ਰਿਤਸਰ ਦੀ ਟੀਮ...
69ਵੀਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ 2025-26 ਦੇ ਅੰਤਰਗਤ ਹਾਰਵੈਸਟ ਟੈਨਿਸ ਅਕੈਡਮੀ ਜੱਸੋਵਾਲ ਕੁਲਾਰ ਵਿੱਚ ਚੱਲ ਰਹੇ ਲਾਅਨ ਟੈਨਿਸ ਦੇ ਮੁਕਾਬਲਿਆਂ ਦੇ ਵਿੱਚ ਅੱਜ ਮੁੰਡਿਆਂ ਦੇ ਵਰਗ ਵਿੱਚ ਫਾਈਨਲ ਮੁਕਾਬਲੇ ਖੇਡੇ ਗਏ। ਲੜਕਿਆਂ ਦੇ ਅੰਡਰ-17 ਵਰਗ ਵਿੱਚ ਅੰਮ੍ਰਿਤਸਰ ਦੀ ਟੀਮ ਜੇਤੂ ਰਹੀ। ਲਾਅਨ ਟੈਨਿਸ ਮੁਕਾਬਲਿਆਂ ਦੇ ਅੱਜ ਆਖਰੀ ਦਿਨ ਡੀ ਈ ਓ ਸੈਕੰਡਰੀ ਡਿੰਪਲ ਮਦਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦ ਕਿ ਡਿਸਟ੍ਰਿਕ ਸਪੋਰਟਸ ਕੋਆਰਡੀਨੇਟਰ ਕੁਲਬੀਰ ਸਿੰਘ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਬੀਤੀ 25 ਅਕਤੂਬਰ ਤੋਂ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਸੂਬੇ ਭਰ ਦੇ ਜ਼ਿਲਿ੍ਹਆਂ ਤੋਂ 500 ਦੇ ਕਰੀਬ ਖਿਡਾਰੀਆਂ ਨੇ ਸ਼ਿਰਕਤ ਕੀਤੀ। ਮੁਕਾਬਲਿਆਂ ਦੇ ਪਹਿਲੇ ਦੋ ਦਿਨ ਲੜਕੀਆਂ ਦੇ ਵੱਖ ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ। ਬੀਤੇ ਦਿਨ ਅਤੇ ਅੱਜ ਲੜਕਿਆਂ ਦੇ ਵੱਖ ਵੱਖ ਉਮਰ ਵਰਗ ਮੁਕਾਬਲੇ ਹੋਏ। ਇਨ੍ਹਾਂ ਵਿੱਚੋਂ ਲੜਕੇ ਅੰਡਰ-17 ਦੇ ਫਾਈਨਲ ਮੁਕਾਬਲੇ ਵਿੱਚ ਅੰਮ੍ਰਿਤਸਰ ਨੇ ਰੂਪਨਗਰ ਦੀ ਟੀਮ ਨੂੰ 2-1 ਨਾਲ ਹਰਾ ਕੇ ਪਹਿਲਾ, ਜਲੰਧਰ ਅਤੇ ਪਟਿਆਲਾ ਦੀਆਂ ਟੀਮਾਂ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ’ਤੇ ਰਹੀਆਂ। ਇਸੇ ਤਰ੍ਹਾਂ ਅੰਡਰ-19 ਵਰਗ ਵਿੱਚ ਅੰਮ੍ਰਿਤਸਰ ਨੇ ਲੁਧਿਆਣਾ ਨੂੰ 2-0 ਨਾਲ ਹਰਾ ਕੇ ਟਰਾਫੀ ਆਪਣੇ ਨਾਮ ਕੀਤੀ। ਬਠਿੰਡਾ ਨੇ ਤੀਜਾ ਅਤੇ ਜਲੰਧਰ ਨੇ ਚੌਥਾ ਸਥਾਨ ਹਾਸਲ ਕੀਤਾ। ਲੜਕੇ ਅੰਡਰ-14 ਵਰਗ ਵਿੱਚ ਪਟਿਆਲਾ ਨੇ ਲੁਧਿਆਣਾ ਨੂੰ 2-0 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। ਬਠਿੰਡਾ ਨੇ ਤੀਜਾ ਅਤੇ ਜਲੰਧਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਡੀਈਓ ਸੈਕੰਡਰੀ ਡਿੰਪਲ ਮਦਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਤੰਦਰੁਸਤ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਕਰਵਾਈਆਂ ਗਈਆਂ ਹਨ। ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਉਤਸ਼ਾਹ ਦੇਖਣ ਵਾਲਾ ਸੀ। ਅੱਜ ਲਾਅਨ ਟੈਨਿਸ ਦੇ ਕਈ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ। ਇਨ੍ਹਾਂ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਆਪਣੀ ਖੇਡ ਕਲਾ ਦੇ ਜੌਹਰ ਦਿਖਾ ਕੇ ਦਰਸ਼ਕਾਂ ਦਾ ਮਨ ਜਿੱਤ ਲਿਆ। ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਖੇਡਾਂ ਵਿੱਚ ਭਾਗ ਲੈਣ ਵਾਲੇ ਹੋਰਨਾਂ ਵਿਦਿਆਰਥੀਆਂ ਨੂੰ ਭਵਿੱਖ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਨਾਮ ਵੰਡ ਸਮਾਗਮ ਮੌਕੇ ਇਨ੍ਹਾਂ ਤੋਂ ਇਲਾਵਾ ਹੋਰ ਕਈ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।

