ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਜੁਲਾਈ
ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਅੱਜ ਇਥੇ ਮੌਨਸੂਨ ਦੀਆਂ ਤਿਆਰੀਆਂ ਸਬੰਧੀ ਸਮੀਖਿਆ ਮੀਟਿੰਗ ਕਰਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਸੀਵਰ ਟਰੀਟਮੈਂਟ ਪਲਾਂਟਾਂ (ਐੱਸਟੀਪੀ) ਦੇ ਸਹੀ ਕੰਮਕਾਜ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਸੀਵਰ ਲਾਈਨਾਂ ਬੰਦ ਨਾ ਹੋਣ ਅਤੇ ਪਾਣੀ ਭਰਨ ਤੋਂ ਰੋਕਿਆ ਜਾ ਸਕੇ। ਸੋਮਵਾਰ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ-ਡੀ ਦਫ਼ਤਰ ਵਿੱਚ ਮੀਟਿੰਗ ਹੋਈ ਅਤੇ ਓਮਐਂਡਐਮ ਸੈੱਲ ਨਾਲ ਸਬੰਧਤ ਅਧਿਕਾਰੀਆਂ ਨੂੰ ਬੁੱਢੇ ਦਰਿਆ ਦੀ ਨਿਯਮਤ ਸਫ਼ਾਈ (ਗਾਰ ਕੱਢਣ) ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ।
ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਮੁੱਖ ਇੰਜਨੀਅਰ ਰਵਿੰਦਰ ਗਰਗ, ਐੱਸਈ ਪਾਰੁਲ ਗੋਇਲ, ਕਾਰਜਕਾਰੀ ਇੰਜਨੀਅਰ ਪਰਸ਼ੋਤਮ ਸਿੰਘ, ਕਾਰਜਕਾਰੀ ਇੰਜਨੀਅਰ ਏਕਜੋਤ ਸਿੰਘ ਅਤੇ ਠੇਕੇਦਾਰ ਫਰਮ (ਬੁੱਢਾ ਦਰਿਆ ਪ੍ਰਾਜੈਕਟ) ਦੇ ਅਧਿਕਾਰੀਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ। ਡੇਚਲਵਾਲ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਅਤੇ ਠੇਕੇਦਾਰ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਐਸਟੀਪੀਜ਼. ਪੂਰੀ ਸਮਰੱਥਾ ਨਾਲ ਚੱਲਣ, ਤਾਂ ਜੋ ਸੀਵਰ ਲਾਈਨਾਂ ਸਾਫ਼ ਰਹਿਣ ਅਤੇ ਪਾਣੀ ਭਰਨ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਓਐਂਡਐਮ ਸੈੱਲ ਦੇ ਅਧਿਕਾਰੀਆਂ ਨੂੰ ਨਿਯਮਤ ਤੌਰ ’ਤੇ ਜ਼ਮੀਨੀ ਪੱਧਰ ’ਤੇ ਸਥਿਤੀ ਦੀ ਨਿਗਰਾਨੀ ਕਰਨ ਅਤੇ ਬੁੱਢੇ ਦਰਿਆ ਦੀ ਨਿਯਮਤ ਤੌਰ ’ਤੇ ਸਫ਼ਾਈ (ਗਾਰ ਕੱਢਣ) ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।