ਮੁਸੀਬਤ ਵੇਲੇ ਲੋਕਾਂ ਨੇ ਦਿੱਤਾ ਇੱਕ ਦੂਜੇ ਦਾ ਸਾਥ: ਘੁਡਾਣੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਦੋਰਾਹਾ ਦੀ ਮੀਟਿੰਗ ਅੱਜ ਇਥੇ ਪ੍ਰਧਾਨ ਹਾਕਮ ਸਿੰਘ ਜਰਗੜੀ ਦੀ ਅਗਵਾਈ ਹੇਠ ਗੁਰਦੁਆਰਾ ਚੋਲਾ ਸਾਹਿਬ ਘੁਡਾਣੀ ਕਲਾ ਵਿੱਚ ਹੋਈ, ਜਿਸ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਅਤੇ ਹਰਜੀਤ ਸਿੰਘ ਘਲੋਟੀ ਵਿਸ਼ੇਸ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਸਰਕਾਰ ਨੇ ਹੜ੍ਹਾਂ ਦੀ ਰੋਕਥਾਮ ਲਈ ਪਹਿਲਾਂ ਤਾਂ ਪ੍ਰਬੰਧ ਕੀ ਕਰਨੇ ਸੀ ਸਗੋਂ ਹੜ੍ਹਾਂ ਦੀ ਮਾਰ ਪੈਣ ਤੇ ਵੀ ਘਰਾਂ, ਫ਼ਸਲਾਂ, ਪਸ਼ੂਆਂ ਆਦਿ ਦਾ ਨੁਕਸਾਨ ਹੋਣ ਤੇ ਵੀ ਲੋਕਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਉਜਾੜਿਆਂ ਨੂੰ ਜਿਉਂਦੇ ਰੱਖਣ ਲਈ ਰਾਸ਼ਨ, ਤਰਪਾਲਾਂ ਤੇ ਪਸ਼ੂਆਂ ਦੇ ਚਾਰੇ ਆਦਿ ਦੇ ਪ੍ਰਬੰਧ ਵੀ ਮੁੱਢਲੇ ਦਿਨਾਂ ਵਿੱਚ ਵੱਡੀ ਪੱਧਰ ਤੇ ਆਮ ਲੋਕਾਂ ਵੱਲੋਂ ਹੀ ਕੀਤੇ ਗਏ ਹਨ, ਜਿਹੜੇ ਲਗਾਤਾਰ ਜਾਰੀ ਹਨ। ਇਨ੍ਹਾਂ ਕੰਮਾਂ ਵਿੱਚ ਖਾਸ ਕਰਕੇ ਨੌਜਵਾਨਾਂ ਦਾ ਵਧੇਰੇ ਉਤਸ਼ਾਹ ਵੇਖਣ ਨੂੰ ਮਿਲਿਆ। ਇਹ ਕਹਿਣ ’ਚ ਵੀ ਕੋਈ ਛੱਕ ਨਹੀਂ ਕਿ ਜਿੱਥੇ ਸਰਕਾਰਾਂ ਨੂੰ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਸੀ ਉੱਥੋਂ ਲੋਕ ਹੀ ਲੋਕਾਂ ਲਈ ਮਸੀਹਾ ਬਣ ਕੇ ਉਭਰੇ ਹਨ।
ਆਗੂਆਂ ਨੇ ਕਿਹਾ ਜਥੇਬੰਦੀ ਵੱਲੋਂ ਹੜ੍ਹਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ 14 ਸਤੰਬਰ ਦੀ ਬਰਨਾਲਾ ਰੈਲੀ ਨੂੰ ਮੁਲਤਵੀ ਕਰਕੇ ਅਤੇ ਹੋਰ ਜਥੇਬੰਦੀ ਦੇ ਕੰਮਾਂ ਨੂੰ ਰੋਕ ਕੇ ਸਾਰਾ ਜੋਰ ਹੜ੍ਹ ਪੀੜਤਾਂ ਦੀ ਮਦਦ ਲਈ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਹੈ। ਅੱਜ ਦੀ ਮੀਟਿੰਗ ’ਚ ਯੁਵਰਾਜ ਸਿੰਘ, ਕਮਲਜੀਤ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ, ਪਰਮਵੀਰ ਸਿੰਘ, ਅਜਾਦਵਿੰਦਰ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ, ਜਗਜੀਤ ਸਿੰਘ, ਰਣਜੀਤ ਸਿੰਘ, ਬਲਵੀਰ ਸਿੰਘ ਸ਼ਾਮਲ ਰਹੇ।