ਪਰਵਾਸੀਆਂ ਖ਼ਿਲਾਫ਼ ਪੈ ਰਹੇ ਮਤਿਆਂ ਕਾਰਨ ਸ਼ਨਅਤਕਾਰ ਪ੍ਰੇਸ਼ਾਨ
ਹੁਸ਼ਿਆਰਪੁਰ ਤੇ ਜਲੰਧਰ ਵਿੱਚ ਪਰਵਾਸੀ ਵੱਲੋਂ ਛੋਟੇ ਬੱਚਿਆਂ ਖ਼ਿਲਾਫ਼ ਕੀਤੇ ਘਿਨੌਣੇ ਅਪਰਾਧ ਨੂੰ ਵੇਖਦਿਆਂ ਸਨਅਤੀ ਸ਼ਹਿਰ ਵਿੱਚ ਕੁੱਝ ਲੋਕਾਂ ਵੱਲੋਂ ਪਰਵਾਸੀਆਂ ਖ਼ਿਲਾਫ਼ ਠੰਡੀ ਜੰਗ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਲੈ ਕੇ ਸਨਅਤਕਾਰ ਭਾਈਚਾਰਾ ਕਾਫ਼ੀ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ ਕਿਉਂਕਿ ਇੰਡਸਟਰੀ ਦਾ ਲਗਪਗ 70-80 ਫ਼ੀਸਦੀ ਕੰਮ ਇਨ੍ਹਾਂ ਪਰਵਾਸੀਆਂ ਉਪਰ ਹੀ ਨਿਰਭਰ ਕਰਦਾ ਹੈ।
ਉੱਪਰ ਥੱਲੇ ਹੋਈਆਂ ਇਨ੍ਹਾਂ ਦੋਹਾਂ ਘਟਨਾਵਾਂ ਨੂੰ ਲੈ ਕੇ ਲੋਕਾਂ ਵਿੱਚ ਗੈਰ ਪੰਜਾਬੀਆਂ ਬਾਰੇ ਕਾਫ਼ੀ ਰੋਸ ਹੈ ਅਤੇ ਕੁੱਝ ਜਥੇਬੰਦੀਆਂ ਵੱਲੋਂ ਸੋਸ਼ਲ ਮੀਡੀਆ ਤੇ ਵੀ ਦੂਜੇ ਰਾਜਾਂ ਤੋਂ ਆਏ ਇਨ੍ਹਾਂ ਪਰਵਾਸੀਆਂ ਖ਼ਿਲਾਫ਼ ਵੱਡੀ ਪੱਧਰ ਤੇ ਮੁਹਿੰਮ ਚਲਾਈ ਗਈ ਹੈ। ਸੋਸ਼ਲ ਮੀਡੀਆ ਤੇ ਗੈਰ ਪੰਜਾਬੀਆਂ ਦੀਆਂ ਦੁਕਾਨਾਂ ਤੋਂ ਸਮਾਨ ਨਾ ਖਰੀਦਣ ਦੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਕਈ ਥਾਵਾਂ ਤੇ ਕੁੱਝ ਜਥੇਬੰਦੀਆਂ ਵੱਲੋਂ ਪਰਵਾਸੀਆਂ ਦੇ ਬਾਈਕਾਟ ਦਾ ਸੱਦਾ ਦਿੰਦੇ ਵੱਡੇ ਹੋਰਡਿੰਗ ਵੀ ਲਗਾਏ ਗਏ ਹਨ ਅਤੇ ਕੁੱਝ ਇਲਾਕਿਆਂ ਵਿੱਚ ਇਸ ਖ਼ਿਲਾਫ਼ ਪੋਸਟਰ ਵੀ ਵੰਡੇ ਗਏ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਦੇ ਸਾਬਕਾ ਨਿੱਜੀ ਸਕੱਤਰ ਜਥੇਦਾਰ ਹਰਪਾਲ ਸਿੰਘ ਕੋਹਲੀ ਵੱਲੋਂ ਵੱਖ ਵੱਖ ਇਲਾਕਿਆਂ ਵਿੱਚ ਹੋਰਡਿੰਗ ਲਗਾ ਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਹਿਮਾਚਲ ਪ੍ਰਦੇਸ਼, ਗੁਜਰਾਤ, ਰਾਜਸਥਾਨ ਅਤੇ ਉਤਰਾਖੰਡ ਵਾਂਗ ਗੈਰ ਪੰਜਾਬੀਆਂਔ ਦੇ ਜਾਇਦਾਦ ਖਰੀਦਣ ਤੇ ਪਾਬੰਦੀ ਲਗਾਏ ਅਤੇ ਇਨ੍ਹਾਂ ਦੇ ਵੋਟ ਨਾ ਬਣਾਏ ਜਾਣ। ਦੂਜੇ ਪਾਸੇ ਕੁੱਝ ਲੋਕ ਪਰਵਾਸੀਆਂ ਦੇ ਹੱਕ ਵਿੱਚ ਵੀ ਡੱਟੇ ਹੋਏ ਹਨ।
ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਪੁਰਵਾਂਚਲੀ ਸੈਲ ਦੇ ਸੂਬਾ ਪ੍ਰਧਾਨ ਕੌਂਸਲਰ ਰਾਜੇਸ਼ ਮਿਸ਼ਰਾ ਦਾ ਕਹਿਣਾ ਹੈ ਕਿ ਜੇਕਰ ਕੋਈ ਪ੍ਰਵਾਸੀ ਗੈਰ ਇਖ਼ਲਾਕੀ ਜਾ ਗੈਰ ਕਾਨੂੰਨੀ ਕੰਮ ਕਰੇਗਾ ਤਾਂ ਕਾਨੂੰਨ ਅਨੁਸਾਰ ਉਹ ਸਜ਼ਾ ਦਾ ਹੱਕਦਾਰ ਹੋਵੇਗਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੀ ਘਟਨਾ ਦੇ ਦੋਸ਼ੀ ਨੇ ਗੈਰ ਮਨੁੱਖੀ ਕਾਰਾ ਕਰਕੇ ਸਮੁੱਚੇ ਸਮਾਜ ਦੇ ਮੱਥੇ ਤੇ ਕਾਲਖ਼ ਮਲੀ ਹੈ। ਜੇਕਰ ਕੋਈ ਗੈਰ ਇਖ਼ਲਾਕੀ ਕੰਮ ਕਰਦੇ ਹਨ ਤਾਂ ਸਮੁੱਚੇ ਭਾਈਚਾਰੇ ਨੂੰ ਇਸ ਲਈ ਜ਼ਿੰਮੇਵਾਰ ਮੰਨਣਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਅਪਰਾਧਿਕ ਬਿਰਤੀ ਵਾਲੇ ਗੈਰ ਪੰਜਾਬੀਆਂ ਦੇ ਉਹ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਨਅਤੀ ਤਰੱਕੀ ਅਤੇ ਵਿਕਾਸ ਵਿੱਚ ਪ੍ਰਵਾਸੀ ਭਾਈਚਾਰੇ ਦਾ ਸ਼ਲਾਘਾਯੋਗ ਯੋਗਦਾਨ ਹੈ।