ਇੱਥੋਂ ਮਲੌਦ-ਰਾੜਾ ਸਾਹਿਬ, ਅਹਿਮਦਗੜ੍ਹ ਨੂੰ ਜੋੜਨ ਵਾਲੀ ਮੁੱਖ ਸੜਕ ’ਤੇ ਬਰਸਾਤ ਦਾ ਪਾਣੀ ਖੜ੍ਹਨ ਨਾਲ ਡੂੰਘੇ ਚੌੜੇ ਟੋਏ ਅੱਜ ਇਥੋਂ ਦੀ ਬੋਪਾਰਾਏ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਦੇ ਮਾਲਕ ਇੰਜਨੀਅਰ ਜਗਦੇਵ ਸਿੰਘ ਬੋਪਾਰਾਏ ਅਤੇ ਸਮੂਹ ਸਟਾਫ ਵੱਲੋਂ ਪੂਰੇ ਗਏ। ਇਨ੍ਹਾਂ ਟੋਇਆਂ ਕਾਰਨ ਵੱਡੀ ਗਿਣਤੀ ਵਾਹਨ ਚਾਲਕ ਖੁਆਰ ਹੋ ਰਹੇ ਸਨ, ਜਿਨ੍ਹਾ ਨੂੰ ਸੁੱਖ ਦਾ ਸਾਹ ਮਿਲੇਗਾ।
ਜ਼ਿਕਰਯੋਗ ਹੈ ਕਿ ਟੁੱਟੀਆਂ ਹੋਈਆਂ ਸੜਕਾਂ ਦੀ ਰਿਪੇਅਰ ਜਾਂ ਨਵਿਆਉਣ ਦਾ ਕੰਮ ਲੋਕ ਨਿਰਮਾਣ ਵਿਭਾਗ ਨੇ ਕਰਨਾ ਹੁੰਦਾ ਹੈ ਪਰ ਲੰਬਾ ਸਮਾਂ ਬੀਤਣ ਦੇ ਬਾਵਜੂਦ ਕਿਸੇ ਅਧਿਕਾਰੀ ਨੇ ਇਸ ਸਬੰਧ ਵਿੱਚ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ, ਜਿਸ ਨੂੰ ਦੇਖਦੇ ਹੋਏ ਅੱਜ ਉਕਤ ਸਨਅਤਕਾਰ ਨੇ ਇਹ ਕੰਮ ਆਪਣੇ ਪੱਧਰ ’ਤੇ ਨੇਪਰੇ ਚੜ੍ਹਾਇਆ ਹੈ।
ਇਸ ਮੌਕੇ ਜਗਦੇਵ ਸਿੰਘ ਬੋਪਾਰਾਏ ਨੇ ਦੱਸਿਆ ਕਿ ਮੁੱਖ ਸੜਕ ’ਤੇ ਪਾਣੀ ਖੜ੍ਹਨ ਨਾਲ ਪਏ ਟੋਇਆਂ ਕਾਰਨ ਰੋਜ਼ਾਨਾ ਜਾਨਲੇਵਾ ਹਾਦਸੇ ਵਾਪਰ ਰਹੇ ਸਨ ਜਿਸ ਦੇ ਮੱਦੇਨਜ਼ਰ ਟੋਏ ਭਰਨ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਟੁੱਟਣ ਦਾ ਮੁੱਖ ਕਾਰਨ ਮੀਂਹ ਦਾ ਪਾਣੀ ਸੜਕ ’ਤੇ ਖੜ੍ਹਨਾ ਅਤੇ ਸੀਵਰੇਜ ਦੇ ਪਾਣੀ ਦੀ ਲੀਕੇਜ ਤੇ ਨਿਕਾਸੀ ਠੀਕ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜਾਂ ਮਹਿਕਮਾਂ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ਤੇ ਨਵੇਂ ਉਸਾਰੇ ਜਾ ਰਹੇ ਮਕਾਨ ਅਤੇ ਦੁਕਾਨਾਂ ਦੇ ਫਰਸ਼ਾਂ ਦੇ ਲੇਵਲ ਠੀਕ ਕਰਵਾਉਣ ਤਾਂ ਜੋ ਸੜਕਾਂ ਤੇ ਪਾਣੀ ਖੜ੍ਹਨ ਨਾਲ ਕਿਸੇ ਰਾਹਗੀਰ ਦਾ ਨੁਕਸਾਨ ਨਾ ਹੋਵੇ। ਦੱਸਣਯੋਗ ਹੈ ਕਿ ਇਸ ਸੜਕ ਨੂੰ ਬਣਾਉਣ ਤੋਂ ਬਾਅਦ ਰਿਪੇਅਰ ਕਰਨ ਦੀ ਜ਼ਿੰਮੇਵਾਰੀ ਠੇਕੇਦਾਰ ਦੀ ਬਣਦੀ ਹੈ ਪਰ ਠੇਕੇਦਾਰ ਨੇ ਤਾਂ ਕਦੇ ਇਸ ਸੜਕ ਦੀ ਸਾਰ ਹੀ ਨਹੀਂ ਲਈ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਮਹਿਕਮਾ ਇਧਰ ਧਿਆਨ ਦੇਵੇ। ਇਸ ਮੌਕੇ ਮਨਦੀਪ ਸਿੰਘ ਚਾਪੜਾ, ਮੈਨੇਜ਼ਰ ਬਲਵੀਰ ਸਿੰਘ, ਸਮੂਹ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਸਮਾਜਸੇਵੀ ਜਗਦੇਵ ਸਿੰਘ ਬੋਪਾਰਾਏ ਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।