ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਜੁਲਾਈ
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਨੇ ਦਿਲਜੀਤ ਦੋਸਾਂਝ ਦੀ ਹਿਮਾਇਤ ਕਰਦਿਆਂ ਪੰਜਾਬੀ ਫ਼ਿਲਮ ‘ਸਰਦਾਰ ਜੀ’ ਉੱਪਰ ਲਗਾਈ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਵਿਰੋਧੀ ਸੋਚ ਰੱਖਣ ਵਾਲੇ ਲੋਕ ਦਿਲਜੀਤ ਦੋਸਾਂਝ ਖ਼ਿਲਾਫ਼ ਕਾਵਾਂ ਰੋਲੀ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਦਿਲਜੀਤ ਦੋਸਾਂਝ ਇੱਕੋ ਇੱਕ ਅਜਿਹਾ ਸਿੱਖ ਕਲਾਕਾਰ ਹੈ ਜਿਸ ਨੇ ਦਸਤਾਰ ਦੀ ਪਛਾਣ ਵਿਸ਼ਵ ਭਰ ਵਿੱਚ ਬਣਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਵਿਸ਼ਵ ਭਰ ਵਿੱਚ ਹੋਈ ਉਸ ਦੀ ਚੜ੍ਹਾਈ ਨੂੰ ਵੇਖ ਕੇ ਕੁਝ ਸੋੜੀ ਸੋਚ ਦੇ ਮਾਲਕ ਉਸਦੀ ਫ਼ਿਲਮ ਦਾ ਵਿਰੋਧ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੀ ਕਠਪੁਤਲੀ ਬਣ ਕੇ ਪੰਜਾਬ ਵਿੱਚ ਸਰਕਾਰ ਚਲਾ ਰਹੇ ਹਨ ਅਤੇ ਕੇਜਰੀਵਾਲ ਐਂਡ ਕੰਪਨੀ ਦੇ ਹੁਕਮ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜੁੰਡਲੀ ਪੰਜਾਬ ਅਤੇ ਪੰਜਾਬੀ ਵਿਰੋਧੀ ਜੁੰਡਲੀ ਹੈ ਅਤੇ ਇਸੇ ਕਰਕੇ ਹੀ ਇਸ ਜੁੰਡਲੀ ਵੱਲੋਂ ਪੰਜਾਬ ਵਿੱਚ ਇਸ ਫ਼ਿਲਮ ਦੇ ਰਿਲੀਜ਼ ਹੋਣ ਤੇ ਰੋਕ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਦੀ ਅਣਖ ਅਤੇ ਗੈਰਤ ਨੂੰ ਕੇਜਰੀਵਾਲ ਅੱਗੇ ਢਹਿ ਢੇਰੀ ਕਰ ਦਿੱਤਾ ਹੈ ਜਿਸ ਲਈ ਉਸਨੂੰ ਸੱਤਾ ਤੇ ਇੱਕ ਮਿੰਟ ਲਈ ਵੀ ਰਹਿਣ ਦਾ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਦਿਲਜੀਤ ਦੋਸਾਂਝ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਲੰਬਰਦਾਰ ਹੈ। ਉਸਨੇ ਕਿਸਾਨ ਅੰਦੋਲਨ ਦੌਰਾਨ ਸ਼ੰਭੂ ਬਾਰਡਰ ਤੇ ਆ ਕੇ ਨਾਂ ਸਿਰਫ਼ ਕਿਸਾਨਾਂ ਦੀਆਂ ਮੰਗਾਂ ਦੀ ਹਿਮਾਇਤ ਕੀਤੀ ਸੀ ਬਲਕਿ ਕਿਸਾਨ ਸੰਘਰਸ਼ ਨੂੰ ਹੋਰ ਮਜ਼ਬੂਤੀ ਨਾਲ ਚਲਾਉਣ ਵਾਸਤੇ ਆਰਥਿਕ ਤੌਰ ਤੇ ਵੀ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਜਿਹੜੇ ਕਲਾਕਾਰ ਅੱਜ ਦਿਲਜੀਤ ਦੋਸਾਂਝ ਦਾ ਵਿਰੋਧ ਕਰ ਰਹੇ ਹਨ ਉਹ ਦੱਸਣ ਕਿ ਉਨ੍ਹਾਂ ਨੇ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਜਾਂ ਪੰਜਾਬੀਅਤ ਲਈ ਕੀ ਕੀਤਾ ਹੈ?
ਉਨ੍ਹਾਂ ਮੰਗ ਕੀਤੀ ਕਿ ਫ਼ਿਲਮ ‘ਸਰਦਾਰ ਜੀ’ ਤੁਰੰਤ ਪੰਜਾਬ ਵਿੱਚ ਰਿਲੀਜ਼ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ‘ਸਰਦਾਰ ਜੀ’ ਦੀ ਅਹਿਮੀਅਤ ਬਾਰੇ ਪਤਾ ਲੱਗ ਸਕੇ। ਇਸ ਮੌਕੇ ਨੇਕ ਸਿੰਘ ਖਾਲਸਾ ਸਮੇਤ ਕਈ ਆਗੂ ਹਾਜ਼ਰ ਸਨ। ਇਸਤੋਂ ਪਹਿਲਾਂ ਉਨ੍ਹਾਂ ਪਿੰਡ ਮੰਗਲੀ ਵਿੱਚ ਕੀਤੀ ਮੀਟਿੰਗ ਦੌਰਾਨ ਇੱਕ ਮਤਾ ਪਾਸ ਕਰਕੇ ਫ਼ਿਲਮ ਦਾ ਵਿਰੋਧ ਕਰ ਰਹੇ ਲੋਕਾਂ ਦੀ ਨਿੰਦਾ ਕੀਤੀ।