ਆਜ਼ਾਦੀ ਦਿਹਾੜਾ: ਪੀਏਯੂ ਦੇ ਖੁੱਲ੍ਹੇ ਮੈਦਾਨ ਵਿੱਚ ਅੱਜ ਹੋਵੇਗਾ ਸਮਾਗਮ
ਇਥੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ ਦਾ ਸਮਾਗਮ ਸ਼ੁੱਕਰਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੁੱਲ੍ਹੇ ਮੈਦਾਨ ਵਿੱਚ ਹੋਵੇਗਾ। ਇਸ ਦੌਰਾਨ ਸਮਾਗਮ ਤੋਂ ਪਹਿਲਾਂ ਪਏ ਮੀਂਹ ਅਤੇ ਮੌਸਮ ਵਿਭਾਗ ਦੀ ਪੇਸ਼ੀਨਗੋਈ ਨੇ ਪ੍ਰਸ਼ਾਸਨ ਦੇ ਸਾਹ ਸੂਤ ਦਿੱਤੇ ਹਨ। ਵੀਰਵਾਰ ਨੂੰ ਦਿਨ ਭਰ ਹੋਈ ਬਾਰਿਸ਼ ਕਾਰਨ ਪੂਰਾ ਸਮਾਗਮ ਮੈਦਾਨ ਪਾਣੀ ਨਾਲ ਭਰ ਗਿਆ ਅਤੇ ਉੱਥੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਪ੍ਰਸ਼ਾਸਨਿਕ ਅਧਿਕਾਰੀ ਵੀਰਵਾਰ ਨੂੰ ਮੈਦਾਨ ਵਿੱਚੋਂ ਪਾਣੀ ਕੱਢਣ ਦੇ ਪ੍ਰਬੰਧ ਕਰਦੇ ਰਹੇ। ਸ਼ੁੱਕਰਵਾਰ ਸਵੇਰੇ 79ਵਾਂ ਆਜ਼ਾਦੀ ਦਿਵਸ ਮੈਦਾਨ ਵਿੱਚ ਮਨਾਇਆ ਜਾਣਾ ਹੈ, ਜਿਸ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਰਾਸ਼ਟਰੀ ਝੰਡਾ ਲਹਿਰਾਉਣਗੇ। ਪ੍ਰਸ਼ਾਸਨ ਨੇ ਸਮਾਗਮ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਹਾਲਾਂਕਿ, ਮੌਸਮ ਵਿਭਾਗ ਨੇ ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਨੂੰ ਪੂਰੇ ਪੰਜਾਬ ਵਿੱਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਇਸ ਵਾਰ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਪੀਏਯੂ ਗਰਾਊਂਡ ਵਿੱਚ ਆਜ਼ਾਦੀ ਦਿਹਾੜੇ ਦਾ ਸਮਾਗਮ ਕਰਵਾਇਆ ਜਾਣਾ ਹੈ, ਜਿਸ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਪ੍ਰਸ਼ਾਸਨ ਨੇ ਬੁੱਧਵਾਰ ਨੂੰ ਫੁੱਲ ਡਰੈੱਸ ਰਿਹਰਸਲ ਵੀ ਕੀਤੀ ਹੈ। ਵੀਰਵਾਰ ਨੂੰ ਪੂਰਾ ਦਿਨ ਮੀਂਹ ਪੈਣ ਕਾਰਨ ਸਮਾਗਮ ਸਥਾਨ ਪਾਣੀ ਨਾਲ ਭਰ ਗਿਆ ਸੀ। ਇਸ ਕਾਰਨ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆਈਆਂ। ਮੀਂਹ ਦਾ ਪਾਣੀ ਕੱਢਣ ਲਈ ਮੁਲਾਜ਼ਮ ਪੂਰਾ ਦਿਨ ਲੱਗੇ ਰਹੇ। ਮੁਲਾਜ਼ਮ ਲਗਾਤਾਰ ਕੋਸ਼ਿਸ਼ ਕਰ ਰਹੇ ਸਨ ਕਿ ਮੈਦਾਨ ਵਿੱਚ ਕਿਤੇ ਵੀ ਪਾਣੀ ਨਾ ਖੜ੍ਹੇ, ਪ੍ਰਸ਼ਾਸਨ ਤੇ ਨਗਰ ਨਿਗਮ ਦੇ ਮੁਲਾਜ਼ਮ ਸਾਰਾ ਦਿਨ ਸਮਾਗਮ ਸਥਾਨ ’ਤੇ ਹੀ ਬੈਠੇ ਰਹੇ। ਪਰ ਲਗਾਤਾਰ ਮੀਂਹ ਪੈਣ ਕਾਰਨ ਉੱਥੇ ਦੁਬਾਰਾ ਪਾਣੀ ਭਰਨ ਦੀ ਸੰਭਾਵਨਾ ਹੈ। ਦੂਜੇ ਪਾਸੇ, ਸ਼ੁੱਕਰਵਾਰ ਅਤੇ ਸ਼ਨਿਚਾਰਵਾਰ ਨੂੰ ਮੀਂਹ ਦੀ ਚਿਤਾਵਨੀ ਕਾਰਨ ਪ੍ਰਸ਼ਾਸਨ ਦੀ ਚਿੰਤਾ ਹੋਰ ਵੀ ਵਧ ਗਈ ਹੈ।