ਲੁਧਿਆਣਾ ਵਿੱਚ ਪਟਾਕਿਆਂ ਦੀ ਹੋਲ ਸੇਲ ਮਾਰਕੀਟ ਲੱਗਦੀ ਹੈ। ਹਰ ਸਾਲ ਇਸ ਮਾਰਕੀਟ ਵਿੱਚ ਕਰੋੜਾਂ ਰੁਪਏ ਦੇ ਪਟਾਕੇ ਵੇਚੇ ਜਾਂਦੇ ਹਨ। ਇੱਥੋਂ ਲੁਧਿਆਣਾ ਦੇ ਹੀ ਨਹੀਂ ਸਗੋਂ ਆਸ-ਪਾਸ ਦੇ ਸੂਬਿਆਂ ਤੋਂ ਵੀ ਦੁਕਾਨਦਾਰ ਅਤੇ ਲੋਕ ਪਟਾਕੇ ਖਰੀਦਣ ਆਉਂਦੇ ਹਨ। ਅੱਜ ਪਟਾਕਾ ਵਪਾਰੀਆਂ ਦੇ ਪਟਾਕਿਆਂ ਦੀ ਵਿਕਰੀ ਇੰਨੀਂ ਤੇਜ਼ ਸੀ ਕਿ ਉਨ੍ਹਾਂ ਕੋਲ ਕਿਸੇ ਨਾਲ ਗੱਲ ਕਰਨ ਦਾ ਸਮਾਂ ਵੀ ਨਹੀਂ ਸੀ। ਇਸ ਦੌਰਾਨ ਕਈ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਗ੍ਰੀਨ ਪਟਾਕਿਆਂ ਕਰਕੇ ਇਸ ਵਾਰ ਵਿਕਰੀ ਵਧੀ ਹੈ।
ਲੁਧਿਆਣਾ ਦੇ ਜਲੰਧਰ ਬਾਈਪਾਸ ਨੇ ਬਣੀ ਹੋਲ ਸੇਲ ਪਟਾਕਿਆਂ ਦੀ ਮਾਰਕੀਟ ਵਿੱਚ ਅੱਜ ਸਾਰਾ ਦਿਨ ਲੋਕ ਪਟਾਕੇ ਖ੍ਰੀਦਦੇ ਰਹੇ। ਇੱਥੋਂ ਪਟਾਕੇ ਖ੍ਰੀਦਣ ਲਈ ਲੁਧਿਆਣਾ ਤੋਂ ਇਲਾਵਾ ਹੋਰ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਛੋਟੇ ਵਪਾਰੀ ਪਹੁੰਚੇ ਹੋਏ ਸਨ। ਦੁਕਾਨਦਾਰਾਂ ਨੇ ਭਾਵੇਂ ਪਟਾਕਿਆਂ ਦੇ ਭਾਅ ਬਾਰੇ ਗੱਲ ਕਰਨ ਤੋਂ ਗੁਰੇਜ਼ ਕੀਤਾ ਪਰ ਇੰਨਾਂ ਜ਼ਰੂਰ ਦੱਸਿਆ ਕਿ ਇਸ ਵਾਰ ਗ੍ਰੀਨ ਪਟਾਕਿਆਂ ਕਰ ਕੇ ਉਨ੍ਹਾਂ ਦੀ ਸੇਲ ਕਾਫੀ ਵਧੀ ਹੈ। ਲੋਕਾਂ ਵੱਲੋਂ ਥੋਕ ਕੇ ਭਾਅ ਗ੍ਰੀਨ ਪਟਾਕਿਆਂ ਦੀ ਖ੍ਰੀਦਦਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੰਨਾਂ ਪਟਾਕਿਆਂ ਨਾਲ ਪ੍ਰਦੂਸ਼ਣ ਪਹਿਲਾਂ ਵਾਲੇ ਪਟਾਕਿਆਂ ਦੇ ਮੁਕਾਬਲੇ ਕਈ ਗੁਣਾਂ ਘੱਟ ਹੈ। ਦੂਜੇ ਪਾਸੇ ਮਾਰਕੀਟ ਵਿੱਚ ਇੱਕੋਂ ਸਮੇਂ 60, 120 ਪਟਾਕੇ ਚੱਲਣ ਵਾਲੇ ਪਟਾਕਿਆਂ ਦੀਆਂ ਪੇਟੀਆਂ ਦੀਆਂ ਪੇਟੀਆਂ ਲੋਕ ਖਰੀਦ ਕੇ ਰੇਹੜਿਆਂ ’ਤੇ ਲੱਦ ਕੇ ਲਈ ਜਾਂਦੇ ਦੇਖੇ ਗਏ। ਇਸ ਮਾਰਕੀਟ ਵਿੱਚ ਵੱਡੀਆਂ ਅਤੇ ਛੋਟੀਆਂ ਆਤਸ਼ਬਾਜ਼ੀਆਂ, ਵੱਖ-ਵੱਖ ਰੰਗ ਛੱਡਣ ਵਾਲੇ ਅਨਾਰ, ਫੁਲ ਝੜੀਆਂ, ਝਕਰੀਆਂ, ਬੁਲਿਟ ਬੰਬ, ਮੁਰਗਾ ਬੰਬ ਲੋਕਾਂ ਦੀ ਪਸੰਦ ਬਣੇ ਹੋਏ ਹਨ। ਹਰ ਸਾਲ ਲੁਧਿਆਣਾ ਵਿੱਚ ਸੂਬੇ ਵਿੱਚ ਸਭ ਤੋਂ ਵੱਧ ਪਟਾਕਿਆਂ ਦੀ ਵਿਕਰੀ ਹੁੰਦੀ ਹੈ ਜੋ ਕਰੋੜਾਂ ਰੁਪਏ ਤੱਕ ਪਹੁੰਚ ਜਾਂਦੀ ਹੈ। ਪਟਾਕਿਆਂ ਦੀ ਹੋ ਰਹੀ ਭਾਰੀ ਵਿਕਰੀ ਨੇ ਉਨ੍ਹਾਂ ਵਾਤਾਵਰਨ ਪ੍ਰੇਮੀਆਂ ਨੂੰ ਠੇਸ ਪਹੁੰਚਾਈ ਹੈ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਗ੍ਰੀਨ ਦੀਵਾਲੀ ਮਨਾਉਣ ਦਾ ਹੋਕਾ ਦਿੰਦੇ ਆ ਰਹੇ ਹਨ। ਹਰ ਸਾਲ ਪਟਾਕਿਆਂ ਕਰਕੇ ਹੁੰਦੇ ਪ੍ਰਦੂਸ਼ਣ ਨਾਲ ਦਮਾ ਅਤੇ ਦਿਲ ਦੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਘਰਾਂ, ਵਪਾਰਕ ਅਦਾਰਿਆਂ ਵਿੱਚ ਇਹ ਅੱਗ ਲੱਗਣ ਦਾ ਕਾਰਨ ਵੀ ਬਣ ਜਾਂਦੇ ਹਨ।