DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੰਨਾ ਇਲਾਕੇ ਵਿੱਚ ਹੜ੍ਹਾਂ ਵਰਗੀ ਸਥਿਤੀ ’ਤੇ ਸਿਆਸਤ ਭਖੀ

ਜੋਗਿੰਦਰ ਸਿੰਘ ਓਬਰਾਏ ਖੰਨਾ, 15 ਜੁਲਾਈ ਇਲਾਕੇ ਵਿੱਚ ਮੀਂਹ ਰੁਕਣ ਤੋਂ ਬਾਅਦ ਹੁਣ ਸਿਆਸੀ ਪਾਰਾ ਚੜ੍ਹ ਗਿਆ ਹੈ ਅਤੇ ਸਿਆਸੀ ਆਗੂ ਇਕ-ਦੂਜੇ ’ਤੇ ਦੋਸ਼ ਲਾਉਣ ਵਿੱਚ ਲੱਗੇ ਹੋਏ ਹਨ। ਇਸੇ ਸਬੰਧ ਵਿੱਚ ਅੱਜ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ...
  • fb
  • twitter
  • whatsapp
  • whatsapp
featured-img featured-img
ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਤੇ ਹੋਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
Advertisement

ਜੋਗਿੰਦਰ ਸਿੰਘ ਓਬਰਾਏ

ਖੰਨਾ, 15 ਜੁਲਾਈ

Advertisement

ਇਲਾਕੇ ਵਿੱਚ ਮੀਂਹ ਰੁਕਣ ਤੋਂ ਬਾਅਦ ਹੁਣ ਸਿਆਸੀ ਪਾਰਾ ਚੜ੍ਹ ਗਿਆ ਹੈ ਅਤੇ ਸਿਆਸੀ ਆਗੂ ਇਕ-ਦੂਜੇ ’ਤੇ ਦੋਸ਼ ਲਾਉਣ ਵਿੱਚ ਲੱਗੇ ਹੋਏ ਹਨ। ਇਸੇ ਸਬੰਧ ਵਿੱਚ ਅੱਜ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਸਰਕਾਰ ਦੀ ਲਾਪ੍ਰਵਾਹੀ ਨੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਇਆ। ਉਨ੍ਹਾਂ ਕਿਹਾ ਕਿ ਜਦੋਂ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਸੀ ਤਾਂ ਸਰਕਾਰ ਨੇ ਇੰਤਜ਼ਾਮ ਕਿਉਂ ਨਹੀਂ ਕੀਤੇ।

ਸ੍ਰੀ ਕੋਟਲੀ ਨੇ ਕਿਹਾ ਕਿ ਖੰਨਾ ਵਿੱਚ ਬਣੇ ਹੜ੍ਹ ਵਰਗੇ ਹਾਲਾਤ ਲਈ ਵਿਧਾਇਕ ਤਰੁਨਪ੍ਰੀਤ ਸਿੰਘ ਜ਼ਿੰਮੇਵਾਰ ਹਨ ਕਿਉਂਕਿ ਬੀਤੀ 21 ਜੂਨ ਨੂੰ ਡੀਸੀ ਲੁਧਿਆਣਾ ਨੇ ਗੈਬ ਦੀ ਪੁਲੀ ਦੀ ਸਫਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਹ ਇਕ ਤਰ੍ਹਾਂ ਦੀ ਚਿਤਾਵਨੀ ਸੀ ਪਰ ਡੀਸੀ ਦੇ ਪੱਤਰ ’ਤੇ ਕੋਈ ਕਾਰਵਾਈ ਨਹੀਂ ਹੋਈ। ਇਹੀ ਕਾਰਨ ਸੀ ਕਿ ਗੈਬ ਦੀ ਪੁਲੀ ਦੇ ਬੰਦ ਹੋਣ ਕਾਰਨ ਖੰਨਾ ਸਮੇਤ ਮੁਹਾਲੀ, ਫਤਹਿਗੜ੍ਹ ਸਾਹਬਿ, ਲੁਧਿਆਣਾ ਤੇ ਪਟਿਆਲਾ ਦੇ ਜ਼ਿਆਦਾਤਰ ਇਲਾਕੇ ਬਰਸਾਤੀ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਪੁਲੀ ਖੋਲ੍ਹਣ ’ਚ ਦੇਰੀ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪਿਆ। ਕਿਤੇ ਵੀ ਨਹਿਰਾਂ, ਰਜਬਾਹਿਆਂ ਤੇ ਨਾਲਿਆਂ ਦੀ ਸਫਾਈ ਨਹੀਂ ਕਰਵਾਈ ਗਈ। ਨਤੀਜਾ ਇਹ ਹੋਇਆ ਕਿ ਮੌਨਸੂਨ ਤੋਂ ਬਾਅਦ ਹੋਈ ਭਾਰੀ ਬਾਰਿਸ਼ ਕਾਰਨ ਹੜ੍ਹ ਆ ਗਏ। ਕਾਂਗਰਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਤੁਰੰਤ ਰਾਹਤ ਪੈਕੇਜ ਜਾਰੀ ਕੀਤਾ ਜਾਵੇ।

ਉਨ੍ਹਾਂ ਖੰਨਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸੌਂਦ ਨੰਬਰ ਬਣਾਉਣ ਲਈ ਗਲੀਆਂ ਵਿੱਚ ਘੁੰਮਦੇ ਤੇ ਤਸਵੀਰਾਂ ਖਿਚਵਾਉਂਦੇ ਰਹੇ ਪਰ ਗੈਬ ਦੀ ਪੁਲੀ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਕਈ ਫੈਕਟਰੀਆਂ ਤੇ ਦਰਜਨਾਂ ਪਿੰਡ ਪਾਣੀ ਵਿਚ ਡੁੱਬ ਗਏ। ਨੁਕਸਾਨ ਉਪਰੰਤ ਜਾਇਜ਼ਾ ਲੈਣ ਦੀ ਥਾਂ ਪਹਿਲਾਂ ਪ੍ਰਬੰਧ ਕਰ ਕੇ ਨੁਕਸਾਨ ਰੋਕਣਾ ਚਾਹੀਦਾ ਸੀ। ਸ਼ਹਿਰ ਵਿਚ ਨਾਜਾਇਜ਼ ਕਾਲੋਨੀ ਕੱਟਣ ਨੂੰ ਲੈ ਕੇ ਭਖੀ ਸਿਆਸਤ ਤੇ ਕੋਟਲੀ ਨੇ ਕਿਹਾ ਕਿ ਇਹ ਕਾਲੋਨੀ ਅਕਾਲੀਆਂ ਵੇਲੇ ਕੱਟੀ ਗਈ ਸੀ। ਕਾਂਗਰਸ ਵੇਲੇ ਕੋਈ ਪ੍ਰਵਾਨਗੀ ਜਾਂ ਐੱਨਓਸੀ ਨਹੀਂ ਦਿੱਤੀ ਗਈ। ਸਰਕਾਰ ਨੂੰ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਦੋਸ਼ੀ ਵਿਅਕਤੀਆਂ ਤੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ, ਚੇਅਰਮੈਨ ਸਤਨਾਮ ਸਿੰਘ ਸੋਨੀ, ਵਿਕਾਸ ਮਹਿਤਾ, ਹਰਿੰਦਰ ਸਿੰਘ ਰਿੰਟਾ ਆਦਿ ਹਾਜ਼ਰ ਸਨ।

ਦੂਜੇ ਪਾਸੇ ਵਿਧਾਇਕ ਸੌਂਦ ਨੇ ਕਿਹਾ ਕਿ ਕੋਟਲੀ ਕੁਦਰਤੀ ਆਫਤ ਸਮੇਂ ਵੀ ਕੋਝੀ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਫਤ ਦੇ ਦਿਨਾਂ ਵਿੱਚ ਉਹ ਖ਼ੁਦ ਅਤੇ ‘ਆਪ’ ਵਰਕਰਾਂ ਦੀਆਂ ਟੀਮਾਂ ਲੋਕਾਂ ਦੀ ਮਦਦ ਲਈ ਤਿੰਨ ਦਿਨ ਇਲਾਕੇ ਵਿੱਚ ਰਹੀਆਂ। ਕੋਟਲੀ ਇਕ ਦਿਨ ਸਿਰਫ ਫੋਟੋ ਖਿਚਵਾਉਣ ਲਈ ਆਏ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵੀ ਖੰਨਾ ਵਿਚ ਲੋਕਾਂ ਨੂੰ ਮੱਲ੍ਹਮ ਲਾਉਣ ਦੀ ਥਾਂ ਫਸਾਦ ਕਰਵਾਉਣ ਆਏ। ਕੋਟਲੀ ਵੱਲੋਂ ਗਲੀਆਂ ਵਿਚ ਫਿਰਦਿਆਂ ਦੀਆਂ ਫੋਟੋ ਖਿਚਵਾਉਣ ਦੇ ਲਾਏ ਦੋਸ਼ਾਂ ’ਤੇ ਸ੍ਰੀ ਸੌਂਦ ਨੇ ਕਿਹਾ ਕਿ ਇਹ ਘਟੀਆ ਦੋਸ਼ ਹਨ। ਉਨ੍ਹਾਂ ਪੁਰਾਣੇ ਦਸਤਾਵੇਜ਼ ਦਿਖਾਉਂਦੇ ਹੋਏ ਕਿਹਾ ਕਿ ਕੋਟਲੀ ਨੇ ਵੀ 10 ਸਾਲ ਰਾਜ ਕੀਤਾ ਹੈ ਅਤੇ ਇਹ ਪੁਲੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਹੜ੍ਹਾਂ ਦੇ ਪਾਣੀ ਦੀ ਨਿਕਾਸੀ ਲਈ ਗੈਬ ਦੀ ਪੁਲੀ ਬਣੀ ਹੋਣ ਦਾ ਸਰਕਾਰ ਕੋਲ ਕੋਈ ਰਿਕਾਰਡ ਨਹੀਂ ਕਿਉਂਕਿ ਸਭ ਕਾਂਗਰਸ ਦੀ ਦੇਣ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਭਰਪੂਰ ਚੰਦ ਬੈਕਟਰ, ਜਗਤਾਰ ਸਿੰਘ ਗਿੱਲ, ਹਮੀਰ ਸਿੰਘ, ਕਰੁਣ ਅਰੋੜਾ ਤੇ ਲਛਮਣ ਸਿੰਘ ਗਰੇਵਾਲ ਆਦਿ ਹਾਜ਼ਰ ਸਨ।

Advertisement
×