ਮਾਛੀਵਾੜਾ ਕੌਂਸਲ ਦੀ ਮੀਟਿੰਗ ’ਚ ਅਹਿਮ ਮਤੇ ਪ੍ਰਵਾਨ
ਸਥਾਨਕ ਨਗਰ ਕੌਂਸਲ ਦੀ ਮਾਸਿਕ ਮੀਟਿੰਗ ਪ੍ਰਧਾਨ ਮੋਹਿਤ ਕੁੰਦਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਈ ਅਹਿਮ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਦੌਰਾਨ ਕੌਂਸਲਰ ਜਗਮੀਤ ਸਿੰਘ ਮੱਕੜ ਨੇ ਮੁੱਦਾ ਉਠਾਇਆ ਕਿ ਦਸੰਬਰ ਮਹੀਨੇ ਵਿਚ ਮਾਛੀਵਾੜਾ ਸਾਹਿਬ ਦੀ ਇਤਿਹਾਸਕ ਧਰਤੀ ’ਤੇ ਗੁਰਦੁਆਰਾ ਚਰਨ ਕੰਵਲ ਸਾਹਿਬ ਵਿੱਚ ਗੁਰੂ ਸਾਹਿਬ ਦੀ ਆਮਦ ਦੀ ਯਾਦ ਵਿਚ ਸਲਾਨਾ ਜੋੜ ਮੇਲ ਲੱਗਦਾ ਹੈ ਪਰ ਚਰਨ ਕੰਵਲ ਚੌਂਕ ਤੋਂ ਗੁਰੂ ਘਰ ਤੱਕ ਜਾਂਦੀ ਸੜਕ ਦੀ ਹਾਲਤ ਬੇਹੱਦ ਖਸਤਾ ਹੈ ਜਿਸ ਕਾਰਨ ਸੰਗਤਾਂ ਨੂੰ ਭਾਰੀ ਪ੍ਰੇਸ਼ਾਨੀ ਆ ਰਹੀ ਹੈ।
ਕੌਂਸਲਰ ਮੱਕੜ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਇਸ ਸੜਕ ਨੂੰ ਪਹਿਲ ਦੇ ਅਧਾਰ ’ਤੇ ਬਣਾਇਆ ਜਾਵੇ। ਮੀਟਿੰਗ ਵਿਚ ਪ੍ਰਧਾਨ ਮੋਹਿਤ ਕੁੰਦਰਾ ਨੇ ਲੋਕਾਂ ਦੀ ਇਸ ਮੰਗ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਨਿਰਦੇਸ਼ ਹਨ ਕਿ ਗੁਰੂ ਘਰ ਨੂੰ ਜਾਣ ਵਾਲੀ ਸੜਕ ਦਾ ਨਿਰਮਾਣ ਪਹਿਲ ਦੇ ਅਧਾਰ ’ਤੇ ਕਰਵਾਇਆ ਜਾਵੇ, ਇਸ ਲਈ ਅੱਜ ਬਾਕੀ ਵਿਕਾਸ ਕਾਰਜਾਂ ਦੇ ਮਤੇ ਰੋਕ ਕੇ ਗੁਰੂ ਘਰ ਨੂੰ ਜਾਣ ਵਾਲੀ ਇਸ ਸੜਕ ਦਾ 90 ਲੱਖ ਰੁਪਏ ਦਾ ਤਖਮੀਨੇ ਨੂੰ ਪ੍ਰਵਾਨਗੀ ਦਿੱਤੀ ਗਈ। ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਦਰਸ਼ਨਾਂ ਲਈ ਇਲਾਕੇ ਤੋਂ ਇਲਾਵਾ ਦੇਸ਼ਾਂ, ਵਿਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਹਨ ਪਰ ਇਹ ਸੜਕ ਲੋਕ ਨਿਰਮਾਣ ਵਿਭਾਗ ਅਧੀਨ ਹੋਣ ਕਾਰਨ ਨਗਰ ਕੌਂਸਲ ਇਸ ਦੀ ਮੁਰੰਮਤ ਕਰਵਾਉਣ ’ਚ ਅਸਮਰੱਥ ਸੀ। ਉਨ੍ਹਾਂ ਕਿਹਾ ਕਿ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਹੁਣ ਨਗਰ ਕੌਂਸਲ ਨੂੰ ਪ੍ਰਵਾਨਗੀ ਲਿਆ ਕੇ ਦਿੱਤੀ ਜਾਵੇਗੀ ਕਿ ਉਹ ਇਹ ਸੜਕ ਨੂੰ ਵਧੀਆ ਢੰਗ ਨਾਲ ਮੁਰੰਮਤ ਕਰਵਾਏ। ਪ੍ਰਧਾਨ ਕੁੰਦਰਾ ਨੇ ਦੱਸਿਆ ਕਿ 90 ਲੱਖ ਦੀ ਲਾਗਤ ਨਾਲ ਇਸ ਸੜਕ ’ਤੇ ਇੰਟਰਲਾਕ ਟਾਈਲ ਲਗਾਈ ਜਾਵੇਗੀ ਅਤੇ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਨੂੰ ਸੁੰਦਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਅਸ਼ੋਕ ਸੂਦ, ਜਗਮੀਤ ਸਿੰਘ ਮੱਕੜ, ਨਗਿੰਦਰਪਾਲ ਸਿੰਘ ਮੱਕੜ, ਕੁਲਵਿੰਦਰ ਕੌਰ, ਸੁਰਿੰਦਰ ਛਿੰਦੀ, ਰਸ਼ਮੀ ਜੈਨ, ਹਰਵਿੰਦਰ ਕੌਰ, ਰਵਿੰਦਰਜੀਤ ਕੌਰ, ਪਰਮਜੀਤ ਕੌਰ, ਕਿਸ਼ੋਰ ਕੁਮਾਰ (ਸਾਰੇ ਕੌਂਸਲਰ), ਕਾਰਜ ਸਾਧਕ ਅਫ਼ਸਰ ਅਮਨਦੀਪ ਸਿੰਘ, ਜਸਪਾਲ ਸਿੰਘ ਜੱਜ, ਜਸਵੀਰ ਸਿੰਘ ਭੱਟੀਆਂ ਵਾਲੇ, ਨਿਰਮਲ ਸਿੰਘ ਵੀ ਮੌਜੂਦ ਸਨ।
ਖਾਲੀ ਪਲਾਟ ਦੀ ਚਾਰਦਿਵਾਰੀ ਨਾ ਕੀਤੀ ਤਾਂ ਮਾਲਕ ਨੂੰ ਦੇਣਾ ਪਵੇਗਾ ਜ਼ੁਰਮਾਨਾ
ਨਗਰ ਕੌਂਸਲ ਦੀ ਮੀਟਿੰਗ ਵਿਚ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਸ਼ਹਿਰ ਵਿਚ ਕਈ ਪਲਾਟ ਖਾਲੀ ਪਏ ਹਨ ਜਿੱਥੇ ਕਿ ਆਸਪਾਸ ਦੇ ਗੁਆਂਢੀ ਲੋਕ ਕੂੜਾ, ਕਰਕਟ ਸੁੱਟ ਦਿੰਦੇ ਹਨ ਜਾਂ ਉੱਥੇ ਖੜ੍ਹਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਅਤੇ ਇਨ੍ਹਾਂ ਪਲਾਟਾਂ ਵਿਚ ਉੱਗੀ ਜੜ੍ਹੀ, ਬੂਟੀ ਮਨੁੱਖੀ ਸਿਹਤ ਲਈ ਘਾਤਕ ਹੈ। ਇਸ ਲਈ ਮੀਟਿੰਗ ਵਿਚ ਪਾਸ ਕੀਤਾ ਗਿਆ ਕਿ ਖਾਲੀ ਪਲਾਟ ਮਾਲਕ ਆਪਣੇ ਪਲਾਟਾਂ ਦੀ ਚਾਰਦਿਵਾਰੀ ਜਾਂ ਉਸ ਨੂੰ ਆਰਜ਼ੀ ਤੌਰ ’ਤੇ ਬੰਦ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਲਾਟ ਮਾਲਕ ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਸ ਨੂੰ ਘੱਟੋ ਘੱਟ 5 ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਜਾਵੇਗਾ।