ਨਜਾਇਜ਼ ਕਬਜ਼ਿਆਂ ਦਾ ਮਾਮਲਾ: ਬੁਰਜ ਹਰੀ ਸਿੰਘ ਦੇ 45 ਵਿਅਕਤੀਆਂ ਖ਼ਿਲਾਫ਼ ਸੱਤ ਸਾਲ ਪਹਿਲਾਂ ਜਾਰੀ ਹੋਏ ਸਨ ਹੁਕਮ
ਸੰਤੋਖ ਗਿੱਲ
ਰਾਏਕੋਟ, 18 ਮਾਰਚ
ਥਾਣਾ ਸਦਰ ਰਾਏਕੋਟ ਅਧੀਨ ਪਿੰਡ ਬੁਰਜ ਹਰੀ ਸਿੰਘ ਵਿੱਚ ਨਸ਼ਾ ਤਸਕਰੀ ਦੇ ਦੋ ਦਰਜਨ ਮਾਮਲਿਆਂ ਵਿੱਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਅਮਰਜੀਤ ਸਿੰਘ ਪੱਪਾ ਵੱਲੋਂ ਪੰਚਾਇਤੀ ਸ਼ਾਮਲਾਤ ਵਾਲੀ ਛੱਪੜ ਦੀ ਜ਼ਮੀਨ ’ਤੇ ਬਣਾਈ ਤਿੰਨ ਮੰਜ਼ਿਲਾਂ ਵਾਲੀ ਕੋਠੀ ਉਪਰ ਅੱਜ ਭਾਰੀ ਪੁਲੀਸ ਫੋਰਸ ਦੀ ਮੌਜੂਦਗੀ ਵਿੱਚ ਬੁਲਡੋਜ਼ਰ ਕਾਰਵਾਈ ਕਰਦਿਆਂ ਢਹਿ ਢੇਰੀ ਕਰ ਦਿੱਤੀ ਗਈ ਪਰ ਪਿਛਲੇ 7 ਸਾਲਾਂ ਤੋਂ ਨਜਾਇਜ਼ ਕਬਜ਼ਿਆਂ ਦੇ ਲਟਕਦੇ ਮਾਮਲਿਆਂ ਬਾਰੇ ਵੱਖ-ਵੱਖ ਵਿਭਾਗਾਂ ਦੇ ਅਫ਼ਸਰ ਇੱਕ ਦੂਜੇ ਉਪਰ ਜ਼ਿੰਮੇਵਾਰੀ ਸੁੱਟ ਕੇ ਸੁਰਖ਼ਰੂ ਹੋਣ ਦਾ ਯਤਨ ਕਰਦੇ ਰਹੇ। ਮੌਕੇ ’ਤੇ ਮੌਜੂਦ ਜ਼ਿਲ੍ਹਾ ਪੁਲੀਸ ਮੁਖੀ ਅੰਕੁਰ ਗੁਪਤਾ ਨੇ ਕਿਹਾ ਕਿ ਪੁਲੀਸ ਕੇਵਲ ਅਮਨ ਕਾਨੂੰਨ ਕਾਇਮ ਰੱਖਣ ਲਈ ਮੌਜੂਦ ਹੈ। ਜਦਕਿ ਨਾਇਬ ਤਹਿਸੀਲਦਾਰ ਰਾਕੇਸ਼ ਕੁਮਾਰ ਅਹੂਜਾ ਨੇ ਕਿਹਾ ਕਿ ਉਹ ਤਾਂ ਡਿਊਟੀ ਮੈਜਿਸਟ੍ਰੇਟ ਵਜੋਂ ਹਾਜ਼ਰ ਹਨ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਾਏਕੋਟ ਜਸਵਿੰਦਰ ਸਿੰਘ ਨੇ ਕਿਹਾ ਕਿ ਬਲਾਕ ਵਿਕਾਸ ਦਫ਼ਤਰ ਰਾਏਕੋਟ ਵੱਲੋਂ ਤਾਂ 2018 ਤੋਂ ਹੁਣ ਤੱਕ ਕਰੀਬ ਅੱਧੀ ਦਰਜਨ ਵਾਰ ਪੱਤਰ ਲਿਖ ਕੇ ਤਹਿਸੀਲਦਾਰ ਰਾਏਕੋਟ ਨੂੰ ਪੰਚਾਇਤ ਦਾ ਕਬਜ਼ਾ ਬਹਾਲ ਕਰਨ ਲਈ ਬੇਨਤੀ ਕੀਤੀ ਗਈ ਸੀ।
ਕਾਬਲੇ ਗ਼ੌਰ ਹੈ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਕਮ ਜ਼ਿਲ੍ਹਾ ਕਲੈਕਟਰ ਰੂਪ ਸਿੰਘ ਦੀ ਅਦਾਲਤ ਵੱਲੋਂ 14 ਮਾਰਚ 2018 ਨੂੰ ਸ਼ਾਮਲਾਤ ਦੀ ਮਾਲਕੀ ਦਾ ਕੇਸ ਪਿੰਡ ਦੀ ਪੰਚਾਇਤ ਦੇ ਹੱਕ ਵਿੱਚ ਹੋ ਗਿਆ ਸੀ ਅਤੇ 26 ਸਤੰਬਰ ਨੂੰ ਮਾਨਯੋਗ ਅਦਾਲਤ ਨੇ ਤਹਿਸੀਲਦਾਰ ਰਾਏਕੋਟ ਨੂੰ ਦਖ਼ਲ ਵਾਰੰਟ ਜਾਰੀ ਕਰਦਿਆਂ 83 ਕਨਾਲ 7 ਮਰਲੇ ਰਕਬਾ ਖੇਵਟ ਨੰਬਰ 927/940, ਖਤੌਨੀ ਨੰਬਰ 1006 ਅਤੇ ਖ਼ਸਰਾ ਨੰਬਰ 108,109 ਅਤੇ 110 ਨੂੰ ਖ਼ਾਲੀ ਕਰਵਾ ਕੇ ਇਕ ਮਹੀਨੇ ਵਿੱਚ ਰਿਪੋਰਟ ਦਾਖਲ ਕਰਨ ਦਾ ਆਦੇਸ਼ ਜਾਰੀ ਕੀਤਾ ਸੀ। ਇਸ ਆਦੇਸ਼ ਅਨੁਸਾਰ ਕੁੱਲ 45 ਵਿਅਕਤੀਆਂ ਨੇ ਪੰਚਾਇਤੀ ਜ਼ਮੀਨ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਇਸ ਵਿੱਚ ਜ਼ਿਆਦਾਤਰ ਦਲਿਤ ਪਰਿਵਾਰ ਹਨ ਅਤੇ ਦਰਜਨ ਦੇ ਕਰੀਬ ਕਿਸਾਨ ਪਰਿਵਾਰ ਵੀ ਘਰ ਬਣਾ ਕੇ ਬੈਠੇ ਹਨ, ਜਦਕਿ ਬਹੁਤ ਸਾਰੇ ਦਲਿਤ ਪਰਿਵਾਰਾਂ ਨੇ ਖ਼ਾਲੀ ਪਲਾਟਾਂ ’ਤੇ ਕਬਜ਼ੇ ਕੀਤੇ ਹੋਏ ਹਨ। ਕੁਝ ਪਿੰਡ ਵਾਸੀਆਂ ਨੇ ਨਾਮ ਨਾ ਛਾਪੇ ਜਾਣ ਦੀ ਸ਼ਰਤ ਉਪਰ ਇਹ ਵੀ ਕਿਹਾ ਕਿ ਨਸ਼ਾ ਤਸਕਰੀ ਦੇ ਧੰਦੇ ਵਿੱਚ ਲੱਗੇ ਕਈ ਹੋਰ ਪਰਿਵਾਰਾਂ ਵੱਲੋਂ ਵੀ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ।
ਕੈਪਸ਼ਨ: ਪਿੰਡ ਬੁਰਜ ਹਰੀ ਸਿੰਘ ਵਿੱਚ ਮੌਕੇ ਦਾ ਜਾਇਜ਼ਾ ਲੈਂਦੇ ਹੋਏ ਸਿਵਲ ਪ੍ਰਸ਼ਾਸਨ, ਮਾਲ ਵਿਭਾਗ, ਪੇਂਡੂ ਵਿਕਾਸ ਵਿਭਾਗ ਸਮੇਤ ਪੁਲੀਸ ਅਫ਼ਸਰ।