ਪੁਲੀਸ ਨੇ 13 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਟੈਕਸੀ ਚਾਲਕ ਸਿਕੰਦਰ ਸਿੰਘ ਰਿੰਕੂ ਵਾਸੀ ਡਹਿਰ, ਥਾਣਾ ਸ੍ਰੀ ਚਮਕੌਰ ਸਾਹਿਬ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਅਮਿਤ ਗੋਇਲ ਅਤੇ ਮਾਛੀਵਾੜਾ ਪੁਲੀਸ ਦੇ ਸਹਾਇਕ ਥਾਣੇਦਾਰ ਕਰਨੈਲ ਸਿੰਘ ਵੱਲੋਂ ਪਾਰਟੀ ਸਮੇਤ ਸੰਯੁਕਤ ਰੂਪ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤਾਂ ਗੜ੍ਹੀ ਤਰਖਾਣਾ ਦੇ ਨਹਿਰ ਪੁਲ ਨੇੜੇ ਚਮਕੌਰ ਸਾਹਿਬ ਵੱਲੋਂ ਇੱਕ ਕਾਰ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਪੁਲੀਸ ਪਾਰਟੀ ਨੂੰ ਦੇਖ ਕੇ ਕਾਰ ਚਾਲਕ ਗੱਡੀ ਭਜਾਉਣ ਲੱਗਾ ਪਰ ਬੈਰੀਕੇਡ ਦੀ ਮਦਦ ਨਾਲ ਉਸ ਨੂੰ ਰੋਕ ਲਿਆ ਗਿਆ। ਕਾਰ ਚਾਲਕ ਨੇ ਆਪਣਾ ਨਾਮ ਸਿਕੰਦਰ ਸਿੰਘ ਉਰਫ਼ ਰਿੰਕੂ ਦੱਸਿਆ ਅਤੇ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਵੱਖ-ਵੱਖ ਮਾਰਕੇ ਦੀਆਂ 13 ਪੇਟੀਆਂ ਸ਼ਰਾਬ ਬਰਾਮਦ ਹੋਈਆਂ। ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਸਿਕੰਦਰ ਸਿੰਘ ਇੱਕ ਟੈਕਸੀ ਚਲਾਉਂਦਾ ਹੈ ਅਤੇ ਉਹ ਇਸ ਗੱਡੀ ਰਾਹੀਂ ਚੰਡੀਗੜ੍ਹ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਪੰਜਾਬ ਵਿੱਚ ਮਹਿੰਗੇ ਭਾਅ ’ਤੇ ਵੇਚਦਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸ਼ਰਾਬ ਕਿੱਥੋਂ ਲੈ ਕੇ ਆਇਆ ਤਾਂ ਜੋ ਉਸ ਵਿਅਕਤੀ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਜਾ ਸਕੇ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਬਰਾਮਦ ਗੱਡੀ ’ਤੇ ਟੈਕਸੀ ਨੰਬਰ ਪਲੇਟ ਲੱਗੀ ਹੋਈ ਹੈ ਜਿਸ ਦੀ ਆੜ ਵਿੱਚ ਉਹ ਪਿਛਲੇ ਕਾਫ਼ੀ ਸਮੇਂ ਤੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਦਾ ਆ ਰਿਹਾ ਹੈ।
+
Advertisement
Advertisement
Advertisement
×