ਡੀ ਐੱਮ ਸੀ ਹਸਪਤਾਲ ਨੇੜਿਓਂ ਨਾਜਾਇਜ਼ ਕਬਜ਼ੇ ਹਟਾਏ
ਨਗਰ ਨਿਗਮ ਤੇ ਟਰੈਫਿਕ ਪੁਲੀਸ ਨੇ ਕੀਤੀ ਕਾਰਵਾਈ; ਹਸਪਤਾਲ ਬਾਹਰ ਪਾਰਕਿੰਗ ਵਾਲਿਆਂ ਵੱਲੋਂ ਬਣਾਏ ਸ਼ੈੱਡ ਵੀ ਢਾਹੇ
ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਸ਼ਹਿਰ ਵਿੱਚ ਟਰੈਫਿਕ ਜਾਮ ਇੱਕ ਵੱਡੀ ਮੁਸੀਬਤ ਬਣ ਗਿਆ ਹੈ। ਸ਼ਹਿਰ ਵਿੱਚ ਆਵਾਜਾਈ ਦੀ ਭੀੜ ਨੂੰ ਘੱਟ ਕਰਨ ਲਈ ਟਰੈਫਿਕ ਪੁਲੀਸ ਅਤੇ ਨਗਰ ਨਿਗਮ ਨੇ ਸਾਂਝੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਅੱਜ ਨਗਰ ਨਿਗਮ ਅਤੇ ਟਰੈਫਿਕ ਪੁਲੀਸ ਦੀਆਂ ਟੀਮਾਂ ਨੇ ਅੱਜ ਡੀਐੱਮਸੀ ਹਸਪਤਾਲ ਦੇ ਬਾਹਰ ਵੱਡੀ ਕਾਰਵਾਈ ਕੀਤੀ। ਇਸ ਦੌਰਾਨ ਉਨ੍ਹਾਂ ਲੋਕਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ’ਤੇ ਅੱਜ ਪੀਲਾ ਪੰਜਾ ਚਲਾਇਆ।
ਮੁਹਿੰਮ ਦੀ ਅਗਵਾਈ ਨਗਰ ਨਿਗਮ ਜ਼ੋਨਲ ਕਮਿਸ਼ਨਰ ਜਸਦੇਵ ਸੇਖੋ ਤੇ ਏਸੀਪੀ ਟਰੈਫਿਕ ਗੁਰਦੇਵ ਸਿੰਘ ਵੱਲੋਂ ਕੀਤੀ ਗਈ। ਟੀਮ ਨੇ ਉਨ੍ਹਾਂ ਸਾਰਿਆਂ ਵਿਰੁੱਧ ਕਾਰਵਾਈ ਕੀਤੀ ਜਿਨ੍ਹਾਂ ਨੇ ਡੀਐਮਸੀ ਹਸਪਤਾਲ ਦੇ ਆਲੇ-ਦੁਆਲੇ ਗੈਰ-ਕਾਨੂੰਨੀ ਉਸਾਰੀਆਂ ਕੀਤੀਆਂ ਸਨ। ਪਾਰਕਿੰਗ ਸ਼ੈੱਡ ਢਾਹ ਦਿੱਤੇ ਗਏ ਅਤੇ ਬਾਹਰ ਰੱਖੇ ਗਏ ਸਾਮਾਨ ਨੂੰ ਹਟਾ ਦਿੱਤਾ ਗਿਆ। ਇੱਥੇ ਸੜਕ ਕਿਨਾਰੇ ਗੱਡੀਆਂ, ਰੇਹੜੀ ਫੜ੍ਹੀ ਵਾਲਿਆਂ ਅਤੇ ਗੈਰ-ਕਾਨੂੰਨੀ ਉਸਾਰੀਆਂ ਕਾਰਨ, ਸੜਕ ਇੰਨੀ ਤੰਗ ਹੋ ਗਈ ਸੀ ਕਿ ਐਂਬੂਲੈਂਸਾਂ ਵੀ ਅਕਸਰ ਫਸ ਜਾਂਦੀਆਂ ਸਨ। ਲੋਕਾਂ ਦੀਆਂ ਵਾਰ-ਵਾਰ ਸ਼ਿਕਾਇਤਾਂ ਤੋਂ ਬਾਅਦ ਨਗਰ ਨਿਗਮ ਅਤੇ ਟਰੈਫਿਕ ਪੁਲੀਸ ਨੇ ਕਾਰਵਾਈ ਕੀਤੀ।
ਡੀਐਮਸੀ ਹਸਪਤਾਲ ਦੇ ਦੋਵੇਂ ਪਾਸੇ ਫੁੱਟਪਾਥਾਂ ’ਤੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੇ ਕਬਜ਼ਾ ਕਰ ਲਿਆ ਸੀ। ਇਸ ਕਾਰਨ ਮੁੱਖ ਸੜਕ ’ਤੇ ਵਾਹਨ ਰੁਕ ਜਾਂਦੇ ਸਨ ਅਤੇ ਹਸਪਤਾਲ ਦੇ ਗੇਟ ਦੇ ਬਾਹਰ ਲਗਾਤਾਰ ਟਰੈਫਿਕ ਜਾਮ ਲੱਗ ਜਾਂਦਾ ਸੀ। ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਹਸਪਤਾਲ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਐਂਬੂਲੈਂਸਾਂ ਅਕਸਰ ਟਰੈਫਿਕ ਵਿੱਚ ਫੱਸ ਜਾਂਦੀਆਂ ਸਨ, ਜਿਸ ਕਾਰਨ ਲੋਕ ਤੇ ਹਸਪਤਾਲ ਪ੍ਰਸ਼ਾਸਨ ਨਗਰ ਨਿਗਮ ਤੇ ਟਰੈਫਿਕ ਪੁਲੀਸ ਨੂੰ ਸ਼ਿਕਾਇਤ ਕਰਦਾ ਸੀ।
ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਜਸਦੇਵ ਸੇਖੋਂ ਨੇ ਦੱਸਿਆ ਕਿ ਕਬਜ਼ੇ ਕਰਨ ਵਾਲਿਆਂ ਨੂੰ ਕਈ ਵਾਰ ਚੇਤਾਵਨੀ ਦਿੱਤੀ ਗਈ ਸੀ, ਪਰ ਉਹ ਸੁਧਰੇ ਨਹੀਂ। ਕਬਜ਼ਿਆਂ ਕਾਰਨ ਮੁੱਖ ਸੜਕ ’ਤੇ ਹਮੇਸ਼ਾ ਜਾਮ ਲੱਗ ਜਾਂਦਾ ਸੀ। ਨ ਕਈ ਦਿਨਾਂ ਤੋਂ ਨੋਟਿਸ ਅਤੇ ਜ਼ੁਬਾਨੀ ਚੇਤਾਵਨੀਆਂ ਜਾਰੀ ਦਿੱਤੀਆਂ ਗਈਆਂ ਸਨ, ਪਰ ਉਨ੍ਹਾਂ ਦਾ ਕੋਈ ਅਸਰ ਨਹੀਂ ਹੋਇਆ। ਇਸ ਲਈ, ਅੱਜ ਸਵੇਰੇ ਟਰੈਫਿਕ ਪੁਲੀਸ ਦੇ ਸਹਿਯੋਗ ਨਾਲ ਕਾਰਵਾਈ ਕੀਤੀ ਗਈ। ਸੜਕ ’ਤੇ ਬਣੇ ਰੈਂਪ ਅਤੇ ਅਸਥਾਈ ਢਾਂਚੇ ਨੂੰ ਢਾਹ ਦਿੱਤਾ ਗਿਆ । ਇਹ ਮੁਹਿੰਮ ਅੱਗੇ ਵੀ ਰੋਜ਼ਾਨਾ ਜਾਰੀ ਰਹੇਗੀ। ਇਸ ਦੌਰਾਨ ਏਸੀਪੀ ਟਰੈਫਿਕ ਗੁਰਦੇਵ ਸਿੰਘ ਨੇ ਦੱਸਿਆ ਕਿ ਡੀਐਮਸੀ ਕੈਂਪਸ ਦੇ ਬਾਹਰ ਕਬਜ਼ੇ ਅਕਸਰ ਟਰੈਫਿਕ ਜਾਮ ਦਾ ਕਾਰਨ ਬਣਦੇ ਸਨ, ਇਸ ਲਈ ਅੱਜ, ਨਿਗਮ ਦੇ ਸਹਿਯੋਗ ਨਾਲ ਕਾਰਵਾਈ ਕੀਤੀ ਗਈ।