ਗੁਰਿੰਦਰ ਸਿੰਘ
ਲੁਧਿਆਣਾ, 15 ਜੂਨ
‘ਯੁੱਧ ਨਸ਼ਿਆਂ ਵਿਰੁੱਧ’ ਅੱਜ ਦੋ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ’ਤੇ ਬੁਲਡੋਜ਼ਰ ਚਲਾਇਆ ਗਿਆ। ਸਪੈਸ਼ਲ ਡੀਜੀਪੀ (ਕਾਨੂੰਨ ਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਹ ਅਪਰੇਸ਼ਨ ਪੰਜਾਬ ਸਰਕਾਰ ਵੱਲੋਂ ਨਾਰਕੋ ਨੈੱਟਵਰਕਾਂ ਵਿਰੁੱਧ ਕੀਤੀ ਜਾ ਰਹੀ ਸਖ਼ਤ ਕਾਰਵਾਈ ਦਾ ਹਿੱਸਾ ਹਨ।
ਉਨ੍ਹਾਂ ਦੱਸਿਆ ਕਿ ਪਹਿਲੇ ਅਪਰੇਸ਼ਨ ਦੌਰਾਨ ਮੁਹੱਲਾ ਅਮਰਪੁਰਾ ਦੀ ਗਲੀ ਨੰਬਰ 2 ਵਿੱਚ ਨਸ਼ਾ ਤਸਕਰ ਗੁਰਪਾਲ ਦੇ ਘਰ ’ਤੇ ਬੁਲਡੋਜ਼ਰ ਚਲਾਇਆ ਗਿਆ। ਇਹ ਅਪਰੇਸ਼ਨ ਪੁਲੀਸ ਕਮਿਸ਼ਨਲ ਸਵਪਨ ਸ਼ਰਮਾ, ਡੀਸੀਪੀ (ਇਨਵੈਸਟੀਗੇਸ਼ਨ) ਹਰਪਾਲ ਸਿੰਘ, ਐਡੀਸ਼ਨਲ ਡੀਸੀਪੀ ਜ਼ੋਨ-1 ਸਮੀਰ ਵਰਮਾ ਅਤੇ ਸਹਾਇਕ ਟਾਊਨ ਪਲਾਨਰ (ਏਟੀਪੀ) ਜ਼ੋਨ-ਬੀ ਕੁਲਜੀਤ ਸਿੰਘ ਮਾਂਗਟ ਦੀ ਅਗਵਾਈ ਹੇਠ ਭਾਰੀ ਪੁਲੀਸ ਤਾਇਨਾਤੀ ਅਧੀਨ ਚਲਾਇਆ ਗਿਆ। ਸੀਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਗੁਰਪਾਲ ਅਪਰਾਧਿਕ ਪਿਛੋਕੜ ਵਾਲਾ ਮੁਲਜ਼ਮ ਹੈ ਅਤੇ ਉਸ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਨੌਂ ਅਪਰਾਧਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਇਹ ਮੁਲਜ਼ਮ 2014 ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਫੈਸਲਾਕੁਨ ਜੰਗ ਦੇ ਚਲਦਿਆਂ ਮੁਲਜ਼ਮ ਹਿਮਾਚਲ ਪ੍ਰਦੇਸ਼ ਭੱਜ ਗਿਆ ਹੈ। ਉਨ੍ਹਾਂ ਦੱਸਿਆ ਕਿ ਦੂਜੇ ਅਪਰੇਸ਼ਨ ਦੌਰਾਨ ਲੋਹਾਰਾ ਪਿੰਡ ਦੇ ਹੀਰੋ ਸੁਮਨ ਨਗਰ ਦੀ ਗਲੀ ਨੰਬਰ 9 ਵਿੱਚ ਕਥਿਤ ਮਹਿਲਾ ਨਸ਼ਾ ਤਸਕਰ ਰਾਜਿੰਦਰ ਕੌਰ ਉਰਫ਼ ਰੋਜ਼ੀ ਦੇ ਘਰ ’ਤੇ ਬੁਲਡੋਜ਼ਰ ਚਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਇਸ ਇਲਾਕੇ ਵਿੱਚ ਰਹਿਣ ਲਈ ਆਈ ਰਜਿੰਦਰ ਕੌਰ ਉਰਫ਼ ਰੋਜ਼ੀ ਨੇ ਹੌਲੀ-ਹੌਲੀ ਆਪਣਾ ਘਰ ਬਣਾ ਲਿਆ ਸੀ। ਉਨ੍ਹਾਂ ਦੱਸਿਆ ਕਿ ਉਸ ਖ਼ਿਲਾਫ਼ ਦੋ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ।