ਨਾਜਾਇਜ਼ ਉਸਾਰੀ: ਹਾਈਕੋਰਟ ਵੱਲੋਂ ਵਿਜੀਲੈਂਸ ਤੇ ਪ੍ਰਸ਼ਾਸਨ ਤਲਬ
ਸ਼ਹਿਰ ਦੀ ਮਸ਼ਹੂਰ ਗੁਰੂ ਅਮਰਦਾਸ ਮਾਰਕੀਟ ਵਿਚ ਹੋਟਲ-ਕਮ-ਰੈਸਤਰਾਂ ਦੀ ਥਾਂ ’ਤੇ ਬਣਾਏ ਸ਼ੋਅਰੂਮ ਦਾ ਮਾਮਲਾ ਹਾਈਕੋਰਟ ਪੁੱਜ ਗਿਆ ਹੈ। ਇਹ ਮਾਮਲਾ ਸਾਲ-2019 ਤੋਂ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਦੇ ਦਫ਼ਤਰ ਵਿਚ ਪੜਤਾਲ ਲਈ ਪੈਂਡਿੰਗ ਪਿਆ ਸੀ ਤੇ ਹੁਣ ਲੋਕ ਸੇਵਾ ਕਲੱਬ ਸੰਸਥਾ ਵੱਲੋਂ ਇਸ ਸਬੰਧੀ ਹਾਈਕੋਰਟ ’ਚ ਪਟੀਸ਼ਨ ਦਾਖਲ ਕੀਤੀ ਹੈ। ਇਸ ਪਟੀਸ਼ਨ ਦੀ ਸੁਣਵਾਈ ਤਹਿਤ ਹਾਈ ਕੋਰਟ ਨੇ ਵਿਜੀਲੈਂਸ ਤੇ ਸਥਾਨਕ ਸਰਕਾਰਾਂ ਵਿਭਾਗ ਨੂੰ 30 ਸਤੰਬਰ ਤੱਕ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ।
ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀਡੀ ਬਾਂਸਲ ਨੇ ਦੱਸਿਆ ਕਿ 2019 ਵਿਚ ਸੰਸਥਾ ਦੇ ਨੋਟਿਸ ’ਚ ਆਇਆ ਸੀ ਕਿ ਗੁਰੂ ਅਮਰਦਾਸ ਮਾਰਕੀਟ ਵਿੱਚ ਜੋ ਥਾਂ ਲੋਕਾਂ ਦੀ ਸਹੂਲਤ ਲਈ ਹੋਟਲ-ਕਮ-ਰੈਸਤਰਾਂ ਲਈ ਅਲਾਟ ਕੀਤੀ ਗਈ ਸੀ ਉਸ ’ਤੇ ਮਾਲਕ ਨੇ ਸ਼ੋਅਰੂਮ ਉਸਾਰ ਕੇ ਬੇਸਮੈਂਟ ਅਤੇ ਕਈ ਦੁਕਾਨਾਂ ਬਣਾ ਲਈਆਂ ਹਨ। ਜਾਂਚ ਮਗਰੋਂ ਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਸੰਸਥਾ ਨੇ ਵਿਜੀਲੈਂਸ ਬਿਊਰੋ ਪੰਜਾਬ ਚੰਡੀਗੜ੍ਹ ਨੂੰ ਜੂਨ 2019 ਨੂੰ ਦਰਖਾਸਤ ਦਿੱਤੀ ਸੀ ਜੋ ਵਿਜੀਲੈਂਸ ਬਿਊਰੋ ਪੰਜਾਬ ਨੇ ਲੁਧਿਆਣਾ ਰੇਂਜ ਨੂੰ ਸੌਂਪ ਦਿੱਤੀ ਸੀ। ਨਗਰ ਸੁਧਾਰ ਟਰੱਸਟ ਖੰਨਾ ਨੇ ਇਮਾਰਤ ਦੇ ਮਾਲਕ ਨੂੰ ਕਈ ਨੋਟਿਸ ਜਾਰੀ ਕੀਤੇ ਤੇ ਉਸਾਰੀ ਢਾਹੁਣ ਲਈ ਕਿਹਾ ਪਰ ਕੋਈ ਕਾਰਵਾਈ ਨਹੀਂ ਹੋਈ।