ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਉੱਪਰ ਪੈਂਦੇ ਕਸਬਾ ਜੋਧਾਂ ਦੀ ਦਾਣਾ ਮੰਡੀ ਤੋਂ ਸ਼ੁਰੂ ਕਰਕੇ ਇਸ ਨੀਤੀ ਤੋਂ ਪ੍ਰਭਾਵਿਤ ਪਿੰਡਾਂ ਚਮਿੰਡਾ, ਬੱਲੋਵਾਲ, ਢੈਪਈ, ਖੰਡੂਰ, ਰੁੜਕਾ, ਪਮਾਲ, ਹਨਸਪੁਰ, ਭਨੋਹੜ, ਝਾਡੇ, ਲੱਲਤੋ, ਖੇੜੀ-ਝਮੇੜੀ, ਹਿਮਾਯੂਪੁੱਰ ਵਿੱਚ ਟਰੈਕਟਰ ਮਾਰਚ ਕੀਤਾ ਗਿਆ। ਇਸ ਵਿੱਚ ਟਰੈਕਟਰਾਂ ਤੋਂ ਇਲਾਵਾ ਕਾਰਾਂ, ਜੀਪਾਂ, ਸਕੂਟਰ, ਮੋਟਰ ਸਾਈਕਲ ਵੀ ਸ਼ਾਮਲ ਸਨ। ਵਹੀਕਲਾਂ ਦੀ ਗਿਣਤੀ ਹਜ਼ਾਰਾਂ ਵਿੱਚ ਸੀ ਅਤੇ ਇਹ ਮਾਰਚ 15 ਕਿਲੋਮੀਟਰ ਤੋਂ ਵੀ ਜ਼ਿਆਦਾ ਲੰਬਾ ਸੀ। ਇਸ ਮੌਕੇ 'ਤੇ ਹਾਜ਼ਰ ਆਗੂਆਂ ਨੇ ਆਖਿਆ ਕਿ ਇਹ ਟਰੈਕਟਰ ਮਾਰਚ ਸਰਕਾਰਾਂ ਦੀਆਂ ਜੜ੍ਹਾਂ ਹਿਲਾ ਦੇਵੇਗਾ।
ਆਗੂਆਂ ਨੇ ਚਿਤਾਵਨੀ ਭਰੇ ਲਹਿਜ਼ੇ ਵਿੱਚ ਆਖਿਆ ਕਿ ਜੇ ਸੂਬਾ ਤੇ ਕੇਂਦਰ ਸਰਕਾਰ ਨੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਨਾ ਬਦਲਿਆ ਤਾਂ ਲੋਕ ਸਰਕਾਰਾਂ ਨੂੰ ਬਦਲ ਦੇਣਗੇ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਮਾਰਚ ਜਿੱਥੇ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਲਈ ਮਜਬੂਰ ਕਰ ਦੇਵੇਗਾ, ਉਥੇ ਮਾਨ ਦੀ ਸੂਬਾ ਤੇ ਮੋਦੀ ਦੀ ਕੇਂਦਰ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਵੀ ਲੋਕਾਂ ਵਿੱਚ ਨੰਗਾ ਕਰ ਦੇਵੇਗਾ। ਇਸ ਮਾਰਚ ਵਿੱਚ ਸੰਯੁਕਤ ਕਿਸਾਨ ਮੋਰਚੇ ਵਿੱਚ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਡਕੌਂਤਾ (ਧਨੇਰ), ਜਮਹੂਰੀ ਕਿਸਾਨ ਸਭਾ ਪੰਜਾਬ, ਆਲ ਇੰਡੀਆ ਕਿਸਾਨ ਸਭਾ (1936), ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਬੀਕੇਯੂ (ਬੁਰਜਗਿੱਲ) ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ, ਬਲਵੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਧਨੇਰ, ਜਨਕ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਸੁਦਾਗਰ ਸਿੰਘ ਘੁਡਾਣੀ, ਰਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਚਰਨਜੀਤ ਸਿੰਘ ਫੱਲੇਵਾਲ, ਗੁਰਦੀਪ ਸਿੰਘ ਰਾਮਪੁਰਾ, ਅੰਗਰੇਜ਼ ਸਿੰਘ ਭਦੌੜ, ਰਜਿੰਦਰ ਸਿੰਘ ਭਨੋਹੜ, ਜਗਰੂਪ ਸਿੰਘ, ਜਗਰਾਜ ਸਿੰਘ ਲਖਵੀਰ ਅਕਲੀਆ, ਰਘਵੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ ਨੇ ਸੰਬੋਧਨ ਕੀਤਾ।