ਇੱਥੇ ਸ਼ਹਿਰ ਦੇ ਨਸ਼ਾ ਤਸਕਰਾਂ ਦੀ ਹੱਬ ਵੱਜ਼ੋਂ ਜਾਣੇ ਜਾਂਦੇ ਮੁਹੱਲਾ ਰਾਣੀ ਵਾਲਾ ਖੂਹ ਵਿੱਚ ਅੱਜ ਨਗਰ ਕੌਂਸਲ, ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਇੱਕ ਨਸ਼ਾ ਤਸਕਰ ਔਰਤ ਵੱਲੋਂ ਨਾਜਾਇਜ਼ ਤੌਰ ’ਤੇ ਉਸਾਰਿਆ ਗਿਆ ਦੋ ਮੰਜ਼ਿਲਾ ਮਕਾਨ ਢਾਹ ਦਿੱਤਾ ਗਿਆ। ਇਸ ਕਾਰਵਾਈ ਨੂੰ ਅੰਜਾਮ ਦੇਣ ਮੌਕੇ ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ, ਕਾਰਜਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ, ਡੀ. ਐੱਸਪੀ ਇੰਦਰਜੀਤ ਸਿੰਘ ਬੋਪਾਰਾਏ, ਡੀਐੱਸਪੀ ਜਸਯਜੋਤ ਸਿੰਘ ਅਤੇ ਥਾਣਾ ਸ਼ਹਿਰੀ ਦੀ ਪੁਲੀਸ ਫੋਰਸ ਅਤੇ ਅਧਿਕਾਰੀ ਹਾਜ਼ਰ ਸਨ।
ਪੁਲੀਸ ਨੇ ਕਾਰਵਾਈ ਕਰਨ ਤੋਂ ਕਰੀਬ ਇੱਕ ਘੰਟਾ ਪਹਿਲਾ ਸਾਰੇ ਮੁਹੱਲੇ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਸੀ। ਇਸ ਕਾਰਵਾਈ ਬਾਰੇ ਡਾ. ਅੰਕੁਰ, ਸੁਖਦੇਵ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਕੁੱਝ ਨਸ਼ਾ ਤਸਕਰਾਂ ਨੇ ਨਸ਼ਿਆਂ ਦੀ ਕਮਾਈ ਨਾਲ ਨਗਰ ਕੌਂਸਲ ਦੀ ਥਾਂ ’ਤੇ ਕਬਜ਼ੇ ਕਰਕੇ ਕੋਠੀਆਂ ਬਣਾ ਲਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਜਿਸ ਔਰਤ ਨਸ਼ਾ ਤਸਕਰ ਅੰਮ੍ਰਿਤਪਾਲ ਕੌਰ ਦਾ ਘਰ ਢਾਉਣ ਦੀ ਕਾਰਵਾਈ ਕੀਤੀ ਗਈ ਹੈ, ਉਸ ਨੂੰ ਨਗਰ ਕੌਂਸਲ ਵੱਲੋਂ ਪਹਿਲਾਂ ਕਈ ਵਾਰ ਦਸਤਾਵੇਜ਼ ਦਿਖਾਉਣ ਲਈ ਨੋਟਿਸ ਭੇਜੇ ਗਏ ਤੇ ਮਕਾਨ ਦੇ ਬਾਹਰ ਨੋਟਿਸ ਚਿਪਕਾਏ ਵੀ ਗਏ ਪਰ ਉਸ ਵੱਲੋਂ ਕੋਈ ਦਸਤਾਵੇਜ਼ ਨਾ ਦਿਖਾਏ ਜਾਣ ’ਤੇ ਅੱਜ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕਈ ਕੇਸ ਦਰਜ ਹਨ। ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਨੇ ਮੀਡੀਆ ਰਾਂਹੀ ਨਸ਼ਾ ਤਸਕਰੀ ਦੇ ਧੰਦੇ ਵਿੱਚ ਲਿਪਤ ਲੋਕਾਂ ਨੂੰ ਸਮਾਜ਼ ਵਿਰੋਧੀ ਗਤੀਵਿਧੀਆਂ ਤੋਂ ਬਾਜ਼ ਆਉਣ ਦੀ ਤਾੜਨਾ ਕਰਦੇ ਹੋਏ ਮਾੜੇ ਕੰਮਾਂ ਤੋਂ ਪਾਸਾ ਵੱਟਣ ਦੀ ਚਿਤਾਵਨੀ ਦਿੱਤੀ।