ਘਰ ’ਤੇ ਹਮਲਾ ਕਰਕੇ ਕੀਤੀ ਕੁੱਟਮਾਰ; ਨੌਂ ਜਣਿਆਂ ਖ਼ਿਲਾਫ਼ ਕੇਸ ਦਰਜ
ਥਾਣਾ ਡੇਹਲੋਂ ਦੀ ਪੁਲੀਸ ਨੇ ਪਿੰਡ ਘਵੱਦੀ ਦੀ ਇੱਕ ਔਰਤ ਦੀ ਸ਼ਿਕਾਇਤ ਤੇ ਵੱਖ-ਵੱਖ ਧਾਰਾਵਾਂ ਤਹਿਤ ਨੌਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਅਨੁਸਾਰ ਮਨਜੀਤ ਕੌਰ ਦੇ ਲੜਕੇ ਰਣਜੋਧ ਸਿੰਘ ਨਾਲ 20 ਦਿਨ ਪਹਿਲਾਂ ਕੁੱਝ ਲੋਕਾਂ ਨੇ ਕੁੱਟਮਾਰ ਕੀਤੀ ਸੀ। ਪਿਛਲੇ ਦਿਨੀਂ ਰਾਤ ਕਰੀਬ 1 ਵਜੇ ਉਨ੍ਹਾਂ ਘਰ ਦੇ ਬਾਹਰ ਗਲੀ ਵਿੱਚ ਆ ਕੇ ਗਾਲੀ ਗਲੋਚ ਕੀਤਾ। ਰਣਜੋਧ ਸਿੰਘ ਜੋ ਮਕਾਨ ਦੀ ਛੱਤ ਉਪਰੋਂ ਉਨ੍ਹਾਂ ਦੀ ਵੀਡੀਓ ਬਣਾ ਰਿਹਾ ਸੀ ਤਾਂ ਉਨ੍ਹਾਂ ਇੱਟਾਂ ਮਾਰ ਕੇ ਗੇਟ ਭੰਨਿਆ ਅਤੇ ਜ਼ਬਰਦਸਤੀ ਘਰ ਅੰਦਰ ਦਾਖ਼ਲ ਹੋ ਗਏ, ਜਿਨ੍ਹਾਂ ਨੂੰ ਦੇਖ ਕੇ ਲੜਕਾ ਭੱਜ ਗਿਆ ਜਿਸ ਤੇ ਉਨ੍ਹਾਂ ਮਨਜੀਤ ਕੌਰ ਦੀ ਕੁੱਟਮਾਰ ਕੀਤੀ ਅਤੇ ਘਰ ਦੀ ਕਾਫ਼ੀ ਭੰਨ ਤੋੜ ਕੀਤੀ। ਇਸ ਦੌਰਾਨ ਉਨ੍ਹਾਂ ਉਸਦੀ ਇੱਜ਼ਤ ਪ੍ਰਤੀ ਵੀ ਅਪਸ਼ਬਦ ਬੋਲੇ। ਉਹ ਲੋਕਾਂ ਦਾ ਇਕੱਠ ਹੁੰਦਾ ਦੇਖ ਕੇ ਫ਼ਰਾਰ ਹੋ ਗਏ। ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕਰਮਜੀਤ ਸਿੰਘ, ਸਰਬਜੀਤ ਸਿੰਘ, ਏਕਜੋਤ ਸਿੰਘ, ਜਗਮੋਹਣ ਸਿੰਘ, ਮਨਮੋੋਹਣ, ਨਛੱਤਰ, ਬਲਵੰਤ ਸਿੰਘ, ਕੁਲਵਿੰਦਰ ਸਿੰਘ ਵਾਸੀਆਨ ਪਿੰਡ ਘਵੱਦੀ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।